- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਿਆਣਾ ਡੰਪ ਨੇ ਜ਼ਮੀਨੀ ਪਾਣੀ ਨੂੰ ਦੂਸ਼ਿਤ ਕੀਤਾ, 50 ਹਜ਼ਾਰ ਲੋਕਾਂ ’ਤੇ ਖ਼ਤਰਾ, ਹਰ ਸਾਲ ਫੈਲ ਰਹੀਆਂ ਬਿਮਾਰੀਆਂ

-ਹਰ ਬੂੰਦ ਹੋਵੇ ਸਾਫ਼, ਹਰ ਘੁੱਟ ਹੋਵੇ ਸਿਹਤਮੰਦ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੇ ਵਰਿਆਣਾ ਸਥਿਤ ਕੂੜਾ ਡੰਪ ਦੇ ਆਲੇ-ਦੁਆਲੇ ਦਾ ਇਲਾਕਾ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦਾ ਕੇਂਦਰ ਬਣ ਚੁੱਕਾ ਹੈ। ਵਰਿਆਣਾ ਪਿੰਡ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੈ ਪਰ ਨੇੜਲੀਆਂ ਕਾਲੋਨੀਆਂ ਨਗਰ ਨਿਗਮ ਦੀ ਹੱਦ ’ਚ ਆਉਂਦੀਆਂ ਹਨ। ਲਗਪਗ 50 ਸਾਲਾਂ ਤੋਂ ਇਸ ਡੰਪ ਸਾਈਟ ’ਤੇ ਕੂੜਾ ਸੁੱਟਿਆ ਜਾ ਰਿਹਾ ਹੈ। ਇਸ ਕੂੜੇ ਤੋਂ ਨਿਕਲ ਰਹੀ ਗੰਦਗੀ ਜ਼ਮੀਨ ਹੇਠਾਂ ਤੱਕ ਪੁੱਜ ਗਈ ਹੈ, ਜਿਸ ਕਾਰਨ ਜ਼ਮੀਨੀ ਪਾਣੀ ਪਲੀਤ ਹੋ ਚੁੱਕਾ ਹੈ। ਵਰਿਆਣਾ ਪਿੰਡ ਤੇ ਨੇੜਲੀਆਂ ਕਾਲੋਨੀਆਂ ਗੌਤਮ ਨਗਰ, ਨਿਊ ਗੌਤਮ ਨਗਰ, ਮਾਤਾ ਸੰਤ ਕੌਰ ਨਗਰ ਸਮੇਤ ਆਲੇ-ਦੁਆਲੇ ਦੇ ਕਈ ਇਲਾਕਿਆਂ ’ਚ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਹਰ ਸਾਲ ਲੋਕ ਬਿਮਾਰ ਹੁੰਦੇ ਹਨ। ਨਗਰ ਨਿਗਮ ਨੇ ਸਾਲ 2015 ’ਚ ਇਸ ਡੰਪ ਨੂੰ ਬੰਦ ਕਰਨ ਲਈ ਸਰਵੇ ਕਰਵਾਇਆ ਸੀ। ਇਸ ਦੌਰਾਨ ਡੰਪ ਸਾਈਟ ਤੇ ਨੇੜਲੇ ਇਲਾਕਿਆਂ ’ਚ ਜ਼ਮੀਨ ਹੇਠਾਂ ਤੋਂ ਪਾਣੀ ਦੇ ਨਮੂਨੇ ਲਏ ਗਏ ਸਨ। ਵੱਖ-ਵੱਖ ਥਾਵਾਂ ਤੋਂ ਲਏ ਗਏ ਸੈਂਪਲ ਫੇਲ ਪਾਏ ਗਏ ਸਨ। ਇਨ੍ਹਾਂ ’ਚ ਕਈ ਖ਼ਤਰਨਾਕ ਤੱਤ ਮਿਲੇ ਸਨ ਤੇ ਪਾਣੀ ਪੀਣ ਲਾਇਕ ਨਹੀਂ ਸੀ। ਇਸ ਦੇ ਬਾਵਜੂਦ 10 ਸਾਲ ਬੀਤ ਜਾਣ ਮਗਰੋਂ ਵੀ ਡੰਪ ਸਾਈਟ ਨੇੜੇ ਰਹਿਣ ਵਾਲੇ ਲੋਕ ਉਹੀ ਪਾਣੀ ਪੀ ਰਹੇ ਹਨ। ਰਿਪੋਰਟ ’ਚ ਇਹ ਵੀ ਸਾਹਮਣੇ ਆਇਆ ਸੀ ਕਿ ਕੂੜੇ ਤੋਂ ਨਿਕਲ ਰਹੀ ਲੀਚੇਟ (ਜ਼ਹਿਰੀਲਾ ਪਾਣੀ ਜਾਂ ਕੂੜੇ ਤੋਂ ਨਿਕਲੀ ਗਾਰ) ਨੇੜਲੇ ਖੇਤਾਂ ਤੇ ਜ਼ਮੀਨ ’ਚ ਜਾ ਰਹੀ ਹੈ। ਇਸ ਨਾਲ ਜ਼ਮੀਨੀ ਪਾਣੀ ਦੂਸ਼ਿਤ ਹੋ ਰਿਹਾ ਹੈ ਤੇ ਜ਼ਮੀਨ ਵੀ ਖੇਤੀਯੋਗ ਨਹੀਂ ਰਹੀ। ਉਦੋਂ ਸੁਝਾਅ ਦਿੱਤਾ ਗਿਆ ਸੀ ਕਿ ਲੀਚੇਟ ਨੂੰ ਜ਼ਮੀਨ ’ਚ ਜਾਣ ਤੋਂ ਰੋਕਣ ਲਈ ਡਰੇਨੇਜ ਸਿਸਟਮ ਬਣਾਇਆ ਜਾਵੇ। ਇਸ ਲਈ ਪ੍ਰੋਜੈਕਟ ਵੀ ਤਿਆਰ ਕੀਤਾ ਗਿਆ ਸ, ਪਰ ਕੰਮ ਨਹੀਂ ਹੋ ਸਕਿਆ। ਸਾਲ ’ਚ ਚਾਰ ਵਾਰ ਪਾਣੀ ਦੀ ਜਾਂਚ ਤੇ ਮਾਨੀਟਰਿੰਗ ਦੀ ਲੋੜ ਵੀ ਦੱਸੀ ਗਈ ਸੀ ਪਰ ਜਾਂਚ ਉਦੋਂ ਹੀ ਹੁੰਦੀ ਹੈ ਜਦੋਂ ਲੋਕ ਬਿਮਾਰ ਹੋ ਜਾਂਦੇ ਹਨ।
---------------------------
40 ਸਾਲਾਂ ਤੋਂ ਪੀਣ ਯੋਗ ਪਾਣੀ ਦੂਸ਼ਿਤ, 50 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ
ਇਨ੍ਹਾਂ ਇਲਾਕਿਆਂ ’ਚ ਲਗਪਗ 40 ਸਾਲਾਂ ਤੋਂ ਪਾਣੀ ਦੂਸ਼ਿਤ ਹੋ ਰਿਹਾ ਹੈ। ਕੂੜੇ ਦੇ ਢੇਰ ਹੁਣ ਆਲੇ-ਦੁਆਲੇ ਦੀਆਂ ਬਸਤੀਆਂ ਤੱਕ ਪੁੱਜ ਗਏ ਹਨ। 15 ਸਾਲ ਪਹਿਲਾਂ ਇੱਥੇ ਕਰੀਬ 4 ਲੱਖ ਮੈਟਰਿਕ ਟਨ ਕੂੜਾ ਸੀ ਤੇ ਉਸ ਸਮੇਂ ਹੀ ਇਸ ’ਚੋਂ ਰਿਸ ਰਹੀ ਗੰਦਗੀ ਕਾਰਨ ਪਾਣੀ ਦੂਸ਼ਿਤ ਹੋ ਗਿਆ ਸੀ, ਜਦਕਿ ਹੁਣ ਇੱਥੇ ਕਰੀਬ 15 ਲੱਖ ਮੈਟ੍ਰਿਕ ਟਨ ਕੂੜਾ ਹੋ ਚੁੱਕਾ ਹੈ। ਡੰਪ ਦੇ ਇਕ ਕਿੱਲੋਮੀਟਰ ਦੇ ਦਾਇਰੇ ’ਚ 30 ਤੋਂ ਵੱਧ ਕਾਲੋਨੀਆਂ ਤੇ ਪਿੰਡ ਹਨ, ਜਿੱਥੇ ਡੰਪ ਕਾਰਨ ਪੀਣ ਯੋਗ ਪਾਣੀ ਦੂਸ਼ਿਤ ਹੋਣ ਨਾਲ ਲੋਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ’ਚ ਸਭ ਤੋਂ ਵੱਧ ਦਸਤਾਂ (ਡਾਇਰੀਆ) ਦੇ ਮਰੀਜ਼ ਸਾਹਮਣੇ ਆਉਂਦੇ ਹਨ। ਲਗਪਗ 50 ਹਜ਼ਾਰ ਲੋਕ ਸਿੱਧੇ ਤੌਰ ‘ਤੇ ਪ੍ਰਭਾਵਿਤ ਹਨ।
-------------------------
ਸਲਮ ਆਬਾਦੀ ਤੇ ਬਸਤੀਆਂ ’ਚ ਵੀ ਇਹੀ ਸਮੱਸਿਆ
ਇਸ ਤੋਂ ਇਲਾਵਾ, ਸ਼ਹਿਰ ਦੇ ਪੁਰਾਣੇ ਤੇ ਸਲਮ ਇਲਾਕਿਆਂ ’ਚ ਵੀ ਦੂਸ਼ਿਤ ਪਾਣੀ ਆ ਰਿਹਾ ਹੈ। ਇੱਥੇ ਪੀਣ ਵਾਲੇ ਪਾਣੀ ਦੀਆਂ ਪਾਈਪ ਲਾਈਨਾਂ ਕਾਫ਼ੀ ਪੁਰਾਣੀਆਂ ਹਨ ਤੇ ਲੀਕੇਜ ਕਾਰਨ ਸੀਵਰੇਜ ਤੇ ਮੀਂਹ ਦਾ ਪਾਣੀ ਰਲ ਜਾਂਦਾ ਹੈ। ਸ਼ਹਿਰ ’ਚ ਘਰਾਂ ’ਚ ਦੂਸ਼ਿਤ ਪਾਣੀ ਆਉਣ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਮਾਨਸੂਨ ਤੋਂ ਬਾਅਦ ਆਉਂਦੀਆਂ ਹਨ। ਗਰਮੀਆਂ ’ਚ ਪਾਣੀ ਦੀ ਮੰਗ ਵੱਧ ਹੋਣ ’ਤੇ ਜਦੋਂ ਲੋਕ ਟੁੱਲੂ ਪੰਪਾਂ ਨਾਲ ਪਾਣੀ ਖਿੱਚਦੇ ਹਨ ਤਾਂ ਪੀਣ ਵਾਲੇ ਪਾਣੀ ਨਾਲ ਸੀਵਰੇਜ ਦੀ ਗੰਦਗੀ ਤੇ ਮੀਂਹ ਦਾ ਪਾਣੀ ਵੀ ਮਿਲ ਜਾਂਦਾ ਹੈ, ਜੋ ਲੋਕਾਂ ਨੂੰ ਬਿਮਾਰ ਕਰਦਾ ਹੈ।
-------------------------
ਪਾਣੀ ’ਚ ਮਿਲੇ ਚਮੜਾ, ਕੱਪੜਾ ਤੇ ਪਲਾਸਟਿਕ
ਵਰਿਆਣਾ ਡੰਪ ਦੇ ਆਲੇ-ਦੁਆਲੇ ਪਾਣੀ ਦੀ ਜਾਂਚ ਦੌਰਾਨ ਕਈ ਵਾਰ ਸਿਹਤ ਲਈ ਖ਼ਤਰਨਾਕ ਤੱਤ ਮਿਲੇ ਹਨ। ਜਦੋਂ ਇਸ ਡੰਪ ਸਾਈਟ ਨੂੰ ਵਿਗਿਆਨਕ ਤਰੀਕੇ ਨਾਲ ਬੰਦ ਕਰਨ ਲਈ ਨਗਰ ਨਿਗਮ ਨੇ ਪ੍ਰਾਈਵੇਟ ਕੰਪਨੀ ਤੋਂ ਜਾਂਚ ਕਰਵਾਈ ਸੀ ਤਾਂ ਰਿਪੋਰਟ ’ਚ ਸਾਹਮਣੇ ਆਇਆ ਸੀ ਕਿ ਪਾਣੀ ’ਚ ਰਬੜ, ਪਲਾਸਟਿਕ, ਚਮੜਾ ਤੇ ਧਾਤੂ ਤੱਤ ਮੌਜੂਦ ਹਨ। ਇਸ ਤੋਂ ਇਲਾਵਾ ਕੱਪੜੇ, ਕੱਚ, ਲੱਕੜ ਤੇ ਥਰਮੋਕੋਲ ਦੇ ਅੰਸ਼ ਵੀ ਮਿਲੇ ਸਨ। ਪਾਣੀ ਦਾ ਰੰਗ ਕਾਲਾ ਤੇ ਬਦਬੂਦਾਰ ਸੀ।
----------------------
ਸੈਂਕੜੇ ਬਿਮਾਰ, ਕੋਈ ਮੁਆਵਜ਼ਾ ਨਹੀਂ
ਵਰਿਆਣਾ ਡੰਪ ਸਾਈਟ ਦੇ ਨੇੜੇ ਦੀਆਂ ਕਾਲੋਨੀਆਂ, ਖ਼ਾਸ ਕਰਕੇ ਗੌਤਮ ਨਗਰ ਤੇ ਨਿਊ ਗੌਤਮ ਨਗਰ ’ਚ ਦੂਸ਼ਿਤ ਪੀਣ ਵਾਲਾ ਪਾਣੀ ਸਾਲ ਭਰ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ। ਸ਼ਹਿਰ ਦੇ ਹੋਰ ਕਈ ਇਲਾਕਿਆਂ ’ਚ ਵੀ ਇਹੀ ਹਾਲਾਤ ਹਨ ਪਰ ਪ੍ਰਭਾਵਿਤ ਲੋਕਾਂ ਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਦਾ। ਸੈਂਕੜੇ ਲੋਕ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਸਰਕਾਰੀ ਰਿਕਾਰਡਾਂ ’ਚ ਬਿਮਾਰ ਦਰਜ ਹੁੰਦੇ ਹਨ। ਕੁਝ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਪਰ ਇਹ ਮਾਮਲੇ ਅਕਸਰ ਰਿਕਾਰਡਾਂ ’ਚ ਸ਼ਾਮਲ ਨਹੀਂ ਹੁੰਦੇ ਤੇ ਮੌਤ ਦਾ ਕਾਰਨ ਕੁਝ ਹੋਰ ਦਰਸਾ ਦਿੱਤਾ ਜਾਂਦਾ ਹੈ।
--------------------------
ਪੁਰਾਣੀਆਂ ਪਾਈਪਾਂ ਬਦਲਣ ਦੀ ਲੋੜ : ਐੱਸਈ
ਨਗਰ ਨਿਗਮ ਦੀ ਓਐਂਡਐੱਮ ਬ੍ਰਾਂਚ ਦੇ ਐੱਸਈ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਪੀਣ ਵਾਲਾ ਪਾਣੀ ਦੂਸ਼ਿਤ ਹੋਣ ਦਾ ਇਕ ਵੱਡਾ ਕਾਰਨ ਪਾਣੀ ਸਪਲਾਈ ਦੀਆਂ ਪਾਈਪਾਂ ਦਾ ਪੁਰਾਣਾ ਹੋਣਾ ਹੈ। ਉਨ੍ਹਾਂ ਮੁਤਾਬਕ ਇਹਨਾਂ ਨੂੰ ਹਰ 20 ਸਾਲਾਂ ’ਚ ਬਦਲਣਾ ਜ਼ਰੂਰੀ ਹੈ। ਉਧਰ, ਡੰਪ ਸਾਈਟ ਦੇ ਨੇੜੇ ਵੀ ਪਾਣੀ ਦੂਸ਼ਿਤ ਹੋ ਰਿਹਾ ਹੈ। ਹੈਲਥ ਅਫ਼ਸਰ ਡਾ. ਕ੍ਰਿਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਪੁਰਾਣੇ ਕੂੜੇ ਨੂੰ ਖ਼ਤਮ ਕਰਨ ਲਈ ਬਾਇਓ-ਮਾਈਨਿੰਗ ਪ੍ਰੋਜੈਕਟ ਚੱਲ ਰਿਹਾ ਹੈ ਤੇ ਰੋਜ਼ਾਨਾ ਨਿਕਲਣ ਵਾਲੇ ਕੂੜੇ ਦੀ ਪ੍ਰੋਸੈਸਿੰਗ ਲਈ ਪਲਾਂਟ ਲਗਾਉਣ ਦੀ ਯੋਜਨਾ ’ਤੇ ਵੀ ਕੰਮ ਹੋ ਰਿਹਾ ਹੈ।
-----------------------
ਗੌਤਮ ਨਗਰ ’ਚ ਚਾਰ ਮਹੀਨੇ ਪਹਿਲਾਂ ਫੈਲਿਆ ਸੀ ਡਾਇਰੀਆ
ਵਾਰਡ ਨੰਬਰ 60 ਦੇ ਨਿਊ ਗੌਤਮ ਨਗਰ ’ਚ ਮਾਨਸੂਨ ਦੌਰਾਨ ਅਗਸਤ 2025 ਦੇ ਆਖ਼ਰੀ ਹਫ਼ਤੇ ਡਾਇਰੀਆ ਫੈਲ ਗਿਆ ਸੀ। ਹਾਲਾਤ ਇੰਨੇ ਖ਼ਰਾਬ ਹੋ ਗਏ ਸਨ ਕਿ ਇਲਾਕੇ ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੂੰ ਲੋਕਾਂ ਦੀ ਮਦਦ ਲਈ ਐਂਬੂਲੈਂਸ ਸੱਦਣੀ ਪਈ। ਮਾਮਲਾ ਸਾਹਮਣੇ ਆਉਣ ਦੇ ਪਹਿਲੇ ਦਿਨ ਹੀ 15 ਲੋਕਾਂ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇਹ ਇਲਾਕਾ ਵਰਿਆਣਾ ਡੰਪ ਦੇ ਬਿਲਕੁਲ ਨੇੜੇ ਹੈ ਤੇ ਮੀਂਹ ਤੋਂ ਬਾਅਦ ਇੱਥੇ ਦੂਸ਼ਿਤ ਪਾਣੀ ਦੀ ਸਪਲਾਈ ਆਮ ਗੱਲ ਹੈ। ਸਿਹਤ ਵਿਭਾਗ ਦੀ ਟੀਮ ਨੇ ਦੋ ਦਿਨਾਂ ’ਚ 675 ਘਰਾਂ ਦਾ ਸਰਵੇ ਕੀਤਾ ਤੇ ਦਵਾਈਆਂ ਦਿੱਤੀਆਂ। ਕਈ ਦਿਨਾਂ ਤੱਕ ਮੈਡੀਕਲ ਕੈਂਪ ਲਗਾਇਆ ਗਿਆ ਤੇ ਜਾਂਚ ਦੌਰਾਨ 50 ਤੋਂ ਵੱਧ ਲੋਕ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਬਿਮਾਰ ਪਾਏ ਗਏ।
----------------------
ਲੋਕਾਂ ਦੀ ਮੰਗ : ਡੰਪ ਖ਼ਤਮ ਹੋਵੇ, ਸਾਫ਼ ਪਾਣੀ ਮਿਲੇ
ਗੌਤਮ ਨਗਰ ਇਲਾਕੇ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਸਾਫ਼ ਪਾਣੀ ਹਰ ਕਿਸੇ ਦਾ ਹੱਕ ਹੈ ਪਰ ਗੌਤਮ ਨਗਰ ਤੇ ਨਿਊ ਗੌਤਮ ਨਗਰ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਡੰਪ ਕਾਰਨ ਹਵਾ ਤੇ ਪਾਣੀ ਦੋਵੇਂ ਖ਼ਰਾਬ ਹੋ ਚੁੱਕੇ ਹਨ। ਨੀਲਮ ਦਾ ਕਹਿਣਾ ਹੈ ਕਿ ਨਗਰ ਨਿਗਮ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਏ ਤੇ ਇੱਥੇ ਪਾਣੀ ਦੀ ਨਿਯਮਤ ਜਾਂਚ ਕੀਤੀ ਜਾਵੇ। ਇਲਾਕਾ ਨਿਵਾਸੀ ਛੋਟੇ ਲਾਲ ਨੇ ਕਿਹਾ ਕਿ ਗੰਦੇ ਪਾਣੀ ਕਾਰਨ ਲੋਕ ਅਕਸਰ ਬਿਮਾਰ ਰਹਿੰਦੇ ਹਨ ਤੇ ਪੇਟ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਡੰਪ ਨੂੰ ਵੀ ਬੰਦ ਕੀਤਾ ਜਾਵੇ।