ਜਲੰਧਰ ’ਚ ਹੁਣ ਵੰਦੇ ਭਾਰਤ ਦੇ ਦੋ ਸਟਾਪੇਜ, ਦਿੱਲੀ ਲਈ ਸਵੇਰੇ ਵੀ ਤੇ ਸ਼ਾਮ ਨੂੰ ਵੀ

-ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਜਾਣ ਵਾਲੇ ਭਗਤਾਂ ਨੂੰ ਵੀ ਮਿਲੇਗੀ ਰਾਹਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਵੀਂ ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਦਾ ਜਲੰਧਰ ਕੈਂਟ ਸਟੇਸ਼ਨ ’ਤੇ ਸਟਾਪੇਜ ਵੀਰਵਾਰ ਤੋਂ ਮਿਲ ਗਿਆ ਹੈ। ਹਾਲਾਂਕਿ ਫਿਲਹਾਲ ਰੇਲਵੇ ਵੱਲੋਂ ਇਸ ਪ੍ਰੀਮੀਅਮ ਟ੍ਰੇਨ ਦਾ ਸਟਾਪੇਜ ਅਸਥਾਈ ਤੌਰ ’ਤੇ ਦਿੱਤਾ ਗਿਆ ਹੈ ਪਰ ਇਸ ਨਾਲ ਮੁਸਾਫਰਾਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਨਵੀਂ ਦਿੱਲੀ ਆਉਣ-ਜਾਣ ਵਾਲੇ ਯਾਤਰੀਆਂ ਦਾ ਸਫਰ ਹੋਰ ਵੀ ਆਸਾਨ ਤੇ ਸੁਗਮ ਹੋ ਜਾਵੇਗਾ। ਪਹਿਲਾਂ ਹੀ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਵੰਦੇ ਭਾਰਤ ਚੱਲ ਰਹੀ ਸੀ ਅਤੇ ਹੁਣ ਨਵੀਂ ਦਿੱਲੀ-ਕਟਰਾ ਵਾਲੀ ਟ੍ਰੇਨ ਦਾ ਸਟਾਪੇਜ ਮਿਲਣ ਨਾਲ ਮੁਸਾਫਰਾਂ ਨੂੰ ਇਕ ਹੋਰ ਵੱਡੀ ਸਹੂਲਤ ਮਿਲ ਗਈ ਹੈ। ਇਸ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਵੀ ਬਚੇਗਾ ਤੇ ਆਪਣੇ ਕੰਮ ਨਿਬੇੜ ਕੇ ਵਾਪਸ ਵੀ ਵੰਦੇ ਭਾਰਤ ਰਾਹੀਂ ਆ ਸਕਣਗੇ। ਇਸ ਤੋਂ ਇਲਾਵਾ ਵੰਦੇ ਭਾਰਤ ਦਾ ਲਾਭ ਸਿਰਫ ਦਿੱਲੀ ਜਾਣ ਵਾਲਿਆਂ ਨੂੰ ਹੀ ਨਹੀਂ, ਸਗੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਜਾਣ ਵਾਲੇ ਭਗਤਾਂ ਨੂੰ ਵੀ ਮਿਲੇਗਾ। ਪਹਿਲਾਂ ਜ਼ਿਆਦਾਤਰ ਟ੍ਰੇਨਾਂ ਰਾਤ ਦੇ ਸਮੇਂ ਚੱਲਦੀਆਂ ਸਨ, ਜਿਸ ਕਾਰਨ ਮੁਸਾਫਰਾਂ ਦਾ ਸਫਰ ਅਕਸਰ ਹਨੇਰੇ ਵਿੱਚ ਹੀ ਲੰਘਦਾ ਸੀ। ਹੁਣ ਇਸ ਟ੍ਰੇਨ ਦੇ ਸਟਾਪੇਜ ਨਾਲ ਯਾਤਰੀ ਦਿਨ ਦੇ ਸਮੇਂ ਪਹਾੜਾਂ ਦੇ ਸੁੰਦਰ ਨਜ਼ਾਰੇ ਵੀ ਦੇਖ ਸਕਣਗੇ। ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਸਵੇਰੇ 10 ਵਜੇ ਜਲੰਧਰ ਕੈਂਟ ਸਟੇਸ਼ਨ ਪਹੁੰਚੇਗੀ ਤੇ ਦੁਪਹਿਰ 2.20 ਵਜੇ ਕਟਰਾ ਪਹੁੰਚਾਏਗੀ। ਇਸ ਤਰ੍ਹਾਂ ਲਗਭਗ 4 ਘੰਟੇ 20 ਮਿੰਟ ਦਾ ਸਮਾਂ ਲੱਗੇਗਾ। ਜਦਕਿ ਸੁਪਰਫਾਸਟ ਟ੍ਰੇਨਾਂ ਨੂੰ ਕਰੀਬ 6 ਘੰਟੇ ਅਤੇ ਮੇਲ ਟ੍ਰੇਨਾਂ ਨੂੰ ਲਗਪਗ ਸਾੜੇ 6 ਤੋਂ ਪੌਣੇ 7 ਘੰਟੇ ਲੱਗਦੇ ਹਨ। ਕਿਰਾਏ ਦੀ ਗੱਲ ਕਰੀਏ ਤਾਂ ਜਲੰਧਰ ਕੈਂਟ ਤੋਂ ਮਾਤਾ ਵੈਸ਼ਨੋ ਦੇਵੀ ਕਟਰਾ ਲਈ ਚੇਅਰ ਕਲਾਸ਼ ਦਾ ਕਿਰਾਇਆ 995 ਰੁਪਏ ਤੇ ਐਗਜ਼ੀਕਿਊਟਿਵ ਕਲਾਸ ਦਾ 1750 ਰੁਪਏ ਹੈ। ਜਲੰਧਰ ਕੈਂਟ ਸਟੇਸ਼ਨ ’ਤੇ ਟ੍ਰੇਨ ਸਿਰਫ 2 ਮਿੰਟ ਲਈ ਰੁਕੇਗੀ।
----------------------------------
ਦਿੱਲੀ ਜਾਣ ਲਈ ਪਹਿਲੀ ਸਵੇਰੇ 9.28, ਦੂਜੀ ਸ਼ਾਮ 6.51 ’ਤੇ
ਹੁਣ ਜਲੰਧਰ ਕੈਂਟ ਸਟੇਸ਼ਨ ’ਤੇ ਦੋ ਵੰਦੇ ਭਾਰਤ ਟ੍ਰੇਨਾਂ ਰੁਕਣਗੀਆਂ। ਦਿੱਲੀ ਜਾਣ ਲਈ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸਵੇਰੇ 9.28 ਵਜੇ ਜਲੰਧਰ ਕੈਂਟ ਪਹੁੰਚੇਗੀ। ਦੂਜੀ ਵੰਦੇ ਭਾਰਤ ਐਕਸਪ੍ਰੈੱਸ ਕਟਰਾ ਤੋਂ ਨਵੀਂ ਦਿੱਲੀ ਲਈ ਸ਼ਾਮ 6.51 ਵਜੇ ਜਲੰਧਰ ਕੈਂਟ ਪਹੁੰਚੇਗੀ ਅਤੇ ਰਾਤ 11.10 ਵਜੇ ਨਵੀਂ ਦਿੱਲੀ ਪਹੁੰਚਾਏਗੀ। ਇਸ ਤਰ੍ਹਾਂ ਮੁਸਾਫਰਾਂ ਨੂੰ ਨਵੀਂ ਦਿੱਲੀ ਤੱਕ ਪਹੁੰਚਣ ਵਿੱਚ ਲਗਭਗ 4 ਘੰਟੇ 59 ਮਿੰਟ ਲੱਗਣਗੇ। ਜਦਕਿ ਮੇਲ ਅਤੇ ਐਕਸਪ੍ਰੈੱਸ ਟ੍ਰੇਨਾਂ ਨੂੰ ਕਰੀਬ ਪੌਣੇ 6 ਤੋਂ ਸਾਢੇ 6 ਘੰਟੇ ਲੱਗਦੇ ਹਨ। ਮੇਲ ਅਤੇ ਐਕਸਪ੍ਰੈੱਸ ਟ੍ਰੇਨਾਂ ਦਾ ਕਿਰਾਇਆ 650 ਤੋਂ 700 ਰੁਪਏ ਤੱਕ ਹੁੰਦਾ ਹੈ।
--------------------
ਸਾਬਕਾ ਐੱਮਪੀ ਸੁਸ਼ੀਲ ਰਿੰਕੂ ਨੇ ਹਰੀ ਝੰਡੀ ਦਿਖਾਈ
ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਰਿੰਕੂ ਨੇ ਇਸ ਰੇਲਗੱਡੀ ਲਈ ਜਲੰਧਰ ਕੈਂਟ ਸਟੇਸ਼ਨ ’ਤੇ ਸਟਾਪੇਜ ਦੀ ਬੇਨਤੀ ਕੀਤੀ ਸੀ, ਜਿਸ ਨੂੰ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਨਜ਼ੂਰੀ ਦੇ ਦਿੱਤੀ। ਹੁਣ ਵੰਦੇ ਭਾਰਤ ਐਕਸਪ੍ਰੈਸ ਜਲੰਧਰ ਕੈਂਟ ਸਟੇਸ਼ਨ 'ਤੇ ਰੁਕੇਗੀ, ਜਿਸ ਨਾਲ ਜਲੰਧਰ ਤੇ ਆਲੇ ਦੁਆਲੇ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਲੰਬੇ ਸਮੇਂ ਤੋਂ ਜਲੰਧਰ, ਹੁਸ਼ਿਆਰਪੁਰ, ਨਕੋਦਰ, ਕਪੂਰਥਲਾ ਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਸ਼ਰਧਾਲੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈਸ ਤੱਕ ਸਿੱਧੀ ਪਹੁੰਚ ਦੀ ਮੰਗ ਕਰ ਰਹੇ ਸਨ। ਇਹ ਮੰਗ ਹੁਣ ਪੂਰੀ ਹੋ ਗਈ ਹੈ। ਰੇਲਵੇ ਵੱਲੋਂ ਜਾਰੀ ਪੱਤਰ ਅਨੁਸਾਰ, ਟ੍ਰੇਨ ਨੰਬਰ 22439 (ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ) ਹੁਣ ਸਵੇਰੇ 10:04 ਵਜੇ ਜਲੰਧਰ ਕੈਂਟ ਸਟੇਸ਼ਨ 'ਤੇ ਪਹੁੰਚੇਗੀ ਅਤੇ ਸਵੇਰੇ 10:06 ਵਜੇ ਰਵਾਨਾ ਹੋਵੇਗੀ। ਇਸ ਦੌਰਾਨ, ਟ੍ਰੇਨ ਨੰਬਰ 22440 (ਕਟੜਾ ਤੋਂ ਨਵੀਂ ਦਿੱਲੀ) ਸ਼ਾਮ 6:51 ਵਜੇ ਜਲੰਧਰ ਕੈਂਟ ਪਹੁੰਚੇਗੀ ਤੇ ਸ਼ਾਮ 6:53 ਵਜੇ ਰਵਾਨਾ ਹੋਵੇਗੀ। ਹਾਲਾਂਕਿ, ਜਲੰਧਰ ਕੈਂਟ ਵਿਖੇ ਰੁਕਣ ਕਾਰਨ, ਟ੍ਰੇਨ ਦੇ ਸ਼ਡਿਊਲ ’ਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ। ਟ੍ਰੇਨ ਨੰਬਰ 22439 ਹੁਣ ਜੰਮੂ ਡਿਵੀਜ਼ਨ ਦੇ ਭੋਗਪੁਰ ਸਟੇਸ਼ਨ 'ਤੇ ਪੰਜ ਮਿੰਟ ਦੀ ਦੇਰੀ ਨਾਲ ਪੁੱਜੇਗੀ। ਟ੍ਰੇਨ ਨੰਬਰ 22440 ਅੰਬਾਲਾ ਡਿਵੀਜ਼ਨ ਦੇ ਸਾਹਨੇਵਾਲ ਸਟੇਸ਼ਨ 'ਤੇ ਪੰਜ ਮਿੰਟ ਦੀ ਦੇਰੀ ਨਾਲ ਪਹੁੰਚੇਗੀ। ਇਸ ਬਦਲਾਅ ਕਾਰਨ, ਜੰਮੂ ਤੇ ਅੰਬਾਲਾ ਡਵੀਜ਼ਨਾਂ ਨੂੰ ਹੁਣ ਇਨ੍ਹਾਂ ਟ੍ਰੇਨਾਂ ਦੇ ਸ਼ਡਿਊਲ ’ਚ ਮਾਮੂਲੀ ਬਦਲਾਅ ਕਰਨੇ ਪੈਣਗੇ। ਇਸ ਫੈਸਲੇ ਨਾਲ ਨਾ ਸਿਰਫ਼ ਜਲੰਧਰ ਸਗੋਂ ਆਲੇ-ਦੁਆਲੇ ਦੇ ਇਲਾਕਿਆਂ ’ਚ ਵੀ ਸ਼ਰਧਾਲੂਆਂ ਤੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਉਹ ਹੁਣ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਵਧੇਰੇ ਆਰਾਮਦਾਇਕ ਤੇ ਘੱਟ ਸਮੇਂ ’ਚ ਯਾਤਰਾ ਕਰ ਸਕਣਗੇ। ਇਸ ਮੌਕੇ 'ਤੇ ਜਲੰਧਰ ਕੈਂਟ ਸਟੇਸ਼ਨ ਸੁਪਰਡੈਂਟ ਜੇਬੀ ਪਟੇਲ, ਸੀਐੱਮਆਈ ਨਿਤੇਸ਼ ਕੁਮਾਰ, ਡਿਪਟੀ ਸੁਪਰਡੈਂਟ ਸਚਿਨ ਰੱਤੀ, ਸੀਐੱਚਆਈ ਡੀਪੀ ਮੀਨਾ, ਐੱਸਐੱਸਈ ਪ੍ਰਵੀਨ ਕੁਮਾਰ, ਸੰਨੀ ਬੱਤਰਾ, ਤਰੁਣ ਬਠਲਾ ਤੇ ਪਾਰੁਲ ਅਰੋੜਾ ਮੌਜੂਦ ਸਨ।
---
ਪਹਿਲੇ ਦਿਨ ਹੀ ਸਵਾ ਘੰਟਾ ਦੇਰੀ ਨਾਲ ਪੁੱਜੀ ਟ੍ਰੇਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੇਲ ਗੱਡੀਆਂ ਦੀ ਰਫ਼ਤਾਰ ਤਾਂ ਵਾਪਸ ਆ ਗਈ ਹੈ ਪਰ ਰੇਲਵੇ ਦੇ ਵੱਖ-ਵੱਖ ਮੰਡਲਾਂ ’ਚ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਮੇਲ, ਐਕਸਪ੍ਰੈੱਸ, ਸੁਪਰਫਾਸਟ ਤੇ ਪ੍ਰੀਮੀਅਮ ਰੇਲ ਗੱਡੀਆਂ ਵੀ ਆਪਣੇ ਨਿਰਧਾਰਿਤ ਸਮੇਂ ਨਾਲ ਨਹੀਂ ਪਹੁੰਚ ਰਹੀਆਂ। ਇਸ ਨਾਲ ਮੁਸਾਫਰਾਂ ਨੂੰ ਘੰਟਿਆਂ ਤੱਕ ਸਟੇਸ਼ਨਾਂ ’ਤੇ ਬੈਠੇ ਰਹਿਣਾ ਪੈ ਰਿਹਾ ਹੈ। ਇਸ ਸਬੰਧੀ ਪਹਿਲੇ ਦਿਨ ਹੀ ਪ੍ਰੀਮੀਅਮ ਵੰਦੇ ਭਾਰਤ ਐਕਸਪ੍ਰੈੱਸ ਨੂੰ ਜਲੰਧਰ ਕੈਂਟ ਸਟੇਸ਼ਨ ’ਤੇ ਰੁਕਣਾ ਪਿਆ। ਜਲੰਧਰ ਤੋਂ ਕੱਟੜਾ ਲਈ ਗਈ ਰੇਲ ਸਹੀ ਸਮੇਂ ਤੇ ਸੀ ਪਰ ਕਟੜਾ ਤੋਂ ਨਵੀਂ ਦਿੱਲੀ ਆਉਂਦਿਆਂ ਸਵਾ ਇਕ ਘੰਟਾ ਦੇਰੀ ਨਾਲ ਪੁੱਜੀ। ਇਸ ਦੇ ਇਲਾਵਾ ਹੋਰ ਦੇਰੀ ਵਾਲੀਆਂ ਰੇਲਾਂ ’ਚ ਕਰਮਭੂਮੀ ਐਕਸਪ੍ਰੈੱਸ ਸਾਢੇ ਛੇ ਘੰਟੇ, ਜਲੰਧਰ ਇੰਟਰਸਿਟੀ ਐਕਸਪ੍ਰੈੱਸ ਸਵਾ 4 ਘੰਟੇ, ਆਮ੍ਰਪਾਲੀ ਐਕਸਪ੍ਰੈਸ 4 ਘੰਟੇ, ਪੂਜਾ ਐਕਸਪ੍ਰੈੱਸ ਅਤੇ ਮਾਲਵਾ ਐਕਸਪ੍ਰੈੱਸ ਪੌਣੇ ਤਿੰਨਘੰਟੇ, ਸ਼ਹੀਦ ਐਕਸਪ੍ਰੈੱਸ 2 ਘੰਟੇ, ਜਨਸੇਵਾ ਐਕਸਪ੍ਰੈੱਸ ਤੇ ਪਠਾਨਕੋਟ ਧੌਲਾਧਾਰ ਐਕਸਪ੍ਰੈੱਸ ਪੌਣੇ ਦੋ ਘੰਟੇ, ਜਨਨਾਇਕ ਐਕਸਪ੍ਰੈੱਸ ਤੇ ਜੰਮੂਤਵੀ ਐਕਸਪ੍ਰੈਸ ਡੇਢ ਘੰਟੇ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ, ਲੁਧਿਆਣਾ ਛੇਹਰਟਾ ਐੱਮਈਐੱਮਯੂ, ਹੇਮਕੁੰਟ ਐਕਸਪ੍ਰੈੱਸ ਇਕ ਘੰਟਾ, ਸ਼ਾਲੀਮਾਰ ਐਕਸਪ੍ਰੈੱਸ, ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ 45 ਮਿੰਟ, ਪੱਛਮ ਸੁਪਰਫਾਸਟ ਐਕਸਪ੍ਰੈੱਸ, ਸਚਖੰਡ ਐਕਸਪ੍ਰੈੱਸ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ 30 ਮਿੰਟ ਦੇਰੀ ਨਾਲ ਪਹੁੰਚੀਆਂ। ਯਾਤਰੀਆਂ ਲਈ ਇਹ ਦੇਰੀ ਹਾਲੇ ਵੀ ਚੁਣੌਤੀ ਬਣੀ ਹੋਈ ਹੈ, ਖਾਸ ਕਰਕੇ ਪ੍ਰੀਮੀਅਮ ਸੇਵਾਵਾਂ ਵਾਲੀਆਂ ਰੇਲਾਂ ਲਈ।