ਵਿਸਾਖੀ ਦਾ ਤਿਉਹਾਰ ਆਤਮਿਕ ਤਾਕਤ ਦਾ ਪ੍ਰਤੀਕ
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ’ਚ ਵਿਸਾਖੀ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Mon, 13 Apr 2026 08:07 PM (IST)
Updated Date: Mon, 13 Apr 2026 08:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਧਾਰਮਿਕ ਆਸਥਾ, ਸੱਭਿਆਚਾਰਕ ਵਿਰਾਸਤ ਤੇ ਸਮਾਜਿਕ ਏਕਤਾ ਦੇ ਪ੍ਰਤੀਕ ਵਿਸਾਖੀ ਤਿਉਹਾਰ ਦੇ ਪਾਵਨ ਮੌਕੇ 'ਤੇ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ, ਨੂਰਮਹਿਲ ਆਸ਼ਰਮ ’ਚ ਸਮਾਗਮ ਕਰਵਾਇਆ। ਸਮਾਗਮ ਦੌਰਾਨ ਮੰਚ ਤੋਂ ਮੌਜੂਦ ਬੁਲਾਰਿਆਂ ਨੇ ਵਿਸਾਖੀ ਤਿਉਹਾਰ ਦੇ ਆਧਿਆਤਮਿਕ, ਇਤਿਹਾਸਕ ਤੇ ਸਮਾਜਿਕ ਮਹੱਤਵ 'ਤੇ ਚਾਨਣ ਪਾਇਆ। ਕਿਹਾ ਕਿ ਵਿਸਾਖੀ ਸਿਰਫ਼ ਫਸਲ ਕਟਾਈ ਦਾ ਤਿਉਹਾਰ ਨਹੀਂ, ਸਗੋਂ ਇਹ ਨਵਚੇਤਨਾ, ਸਮਰਪਣ, ਬਹਾਦਰੀ ਤੇ ਧਰਮ ਦੀ ਰੱਖਿਆ ਦਾ ਸੰਦੇਸ਼ ਵੀ ਦਿੰਦਾ ਹੈ। ਇਸ ਮੌਕੇ ਸਵਾਮੀ ਗੁਰੂਕਿਰਪਾਨੰਦ, ਸ਼ੂਰਵੀਰ ਸਿੰਘ ਤੇ ਸਾਧਵੀ ਸੁਮੇਧਾ ਭਾਰਤੀ ਨੇ ਸ਼ਰਧਾਲੂਆਂ ਨੂੰ ਸੰਬੋਧਤ ਕੀਤਾ। ਆਪਣੇ ਉਪਦੇਸ਼ ’ਚ ਉਨ੍ਹਾਂ ਨੇ ਵਿਸਾਖੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਤਿਉਹਾਰ ਸਾਨੂੰ ਆਤਮਿਕ ਉੱਨਤੀ, ਸੇਵਾ, ਸਮਰਪਣ ਤੇ ਮਨੁੱਖਤਾ ਦੇ ਮਾਰਗ 'ਤੇ ਅੱਗੇ ਵੱਧਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਸੰਗਤ ਨੂੰ ਆਪਣੇ ਜੀਵਨ ’ਚ ਗੁਰੂ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਬੁਲਾਰਿਆਂ ਨੇ ਕਿਹਾ ਵਿਸਾਖੀ ਦਾ ਤਿਉਹਾਰ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਸਲ ਖੁਸ਼ਹਾਲੀ ਸਿਰਫ਼ ਬਾਹਰੀ ਉਪਲੱਬਧੀਆਂ ’ਚ ਨਹੀਂ, ਸਗੋਂ ਅੰਦਰੂਨੀ ਜਾਗਰੂਕਤਾ, ਆਤਮਿਕ ਤਾਕਤ ਦਾ ਪ੍ਰਤੀਕ ਹੈ। ਜਦੋਂ ਮਨੁੱਖ ਆਧਿਆਤਮਿਕ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ’ਚ ਅਪਣਾਉਂਦਾ ਹੈ, ਉਦੋਂ ਹੀ ਉਸਦਾ ਜੀਵਨ ਸੱਚਮੁੱਚ ਅਰਥਪੂਰਨ ਬਣਦਾ ਹੈ। ਹਾਜ਼ਰ ਸੰਗਤ ਨੇ ਭਜਨ, ਪ੍ਰਵਚਨ ਤੇ ਆਧਿਆਤਮਿਕ ਵਿਚਾਰਾਂ ਦਾ ਲਾਹਾ ਲਿਆ।