ਸੜਕ ਦੀ ਮੁਰੰਮਤ ਨਾ ਹੋਣ ’ਤੇ ਧਰਨੇ ਦੀ ਚਿਤਾਵਨੀ
ਸੜਕ ’ਚ ਪਏ ਟੋਏ ਕਾਰਨ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ, ਜਲਦੀ ਰਿਪੇਅਰ ਨਾ ਹੋਈ ਤਾਂ ਲਗੇਗਾ ਧਰਨਾ
Publish Date: Sat, 14 Mar 2026 06:56 PM (IST)
Updated Date: Sat, 14 Mar 2026 07:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਤੋਂ ਨਵਾਂ ਸ਼ਹਿਰ ਰੋਡ ’ਤੇ ਸਥਿਤ ਪਿੰਡ ਬਾਸੀਆਂ ਢੱਕ ਦੇ ਮੇਨ ਗੇਟ ਸਾਹਮਣੇ ਪਈ ਖਰਾਬ ਸੜਕ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਪਿੰਡ ਵਾਸੀਆਂ ਤੇ ਇਲਾਕੇ ਦੀਆਂ ਪੰਚਾਇਤਾਂ ਨੇ ਦੱਸਿਆ ਕਿ ਲਗਭਗ ਛੇ ਮਹੀਨੇ ਪਹਿਲਾਂ ਪੀਬਬਲਯੂਡੀ ਵਿਭਾਗ ਵੱਲੋਂ ਪਾਇਪ ਪਾਉਣ ਲਈ ਸੜਕ ਪੁੱਟੀ ਗਈ ਸੀ, ਪਰ ਅੱਜ ਤੱਕ ਸਬੰਧਤ ਵਿਭਾਗ ਨੇ ਸੜਕ ਦੀ ਰਿਪੇਅਰ ਨਹੀਂ ਕਰਵਾਈ। ਇਸ ਕਾਰਨ ਸੜਕ ’ਚ ਡੂੰਘਾ ਟੋਆ ਬਣ ਗਿਆ ਹੈ ਤੇ ਕਈ ਅਣਸੁਖਾਵੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹਾਲ ਹੀ ’ਚ ਇਕ ਔਰਤ ਦਾ ਐਕਸੀਡੈਂਟ ਹੋ ਗਿਆ, ਜਿਸ ਦੀ ਲੱਤ ਤੇ ਬਾਂਹ ਟੁੱਟ ਗਈ। ਉਸ ਨੂੰ ਇਲਾਜ ਲਈ ਡੀਐੱਮਸੀ ਲੁਧਿਆਣਾ ’ਚ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਬਲਜਿੰਦਰ ਸਿੰਘ ਉਰਫ ਸੋਨੀ ਸਰਪੰਚ ਬਾਸੀਆਂ ਢੱਕ, ਬਲਵੀਰ ਸਿੰਘ, ਅਮਰੀਕ ਸਿੰਘ ਸਰਪੰਚ ਭਾਰਸਿੰਘਪੁਰ ਤੇ ਇਲਾਕੇ ਦੀਆਂ ਪੰਚਾਇਤਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੰਬੇ ਸਮੇਂ ਤੋਂ ਸੜਕ ’ਚ ਟੋਆ ਪਿਆ ਹੋਇਆ ਹੈ ਜਿਸ ਕਾਰਨ ਰਾਹਗੀਰ ਸੱਟਾਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਦੇ ਐੱਸਡੀਓ ਮੋਹਨ ਸਿੰਘ ਸਹੋਤਾ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਹੈ, ਪਰ ਅਜੇ ਤੱਕ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਆਪਣੇ ਵੱਲੋਂ ਮਿੱਟੀ ਤੇ ਗਟਕਾ ਪਾ ਕੇ ਟੋਏ ਨੂੰ ਭਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਇਹ ਸਥਾਈ ਹੱਲ ਨਹੀਂ ਹੈ। ਇਲਾਕੇ ਦੀਆਂ ਪੰਚਾਇਤਾਂ ਤੇ ਮੁਹਤਬਰਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੋਮਵਾਰ ਸ਼ਾਮ ਤੱਕ ਸਬੰਧਤ ਵਿਭਾਗ ਵੱਲੋਂ ਟੋਏ ਨੂੰ ਲੁੱਕ ਪਾ ਕੇ ਨਾ ਭਰਿਆ ਗਿਆ ਤਾਂ ਮੰਗਲਵਾਰ ਤੋਂ ਅਣਮਿੱਥੇ ਸਮੇਂ ਲਈ ਸੜਕ ’ਤੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਐੱਸਡੀਓ ਮੋਹਨ ਸਿੰਘ ਸਹੋਤਾ ਨੇ ਕਿਹਾ ਕਿ ਲੁੱਕ ਦੇ ਪਲਾਂਟ ਬੰਦ ਹੋਣ ਕਾਰਨ ਸੜਕ ਦੀ ਰਿਪੇਅਰ ਨਹੀਂ ਹੋ ਸਕੀ ਸੀ ਪਰ ਹੁਣ ਦੋ ਦਿਨਾਂ ’ਚ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਮਨਜਿੰਦਰ ਸਿੰਘ ਪੰਚ, ਦਲਜੀਤ ਸਿੰਘ, ਬਲਵੀਰ ਸਿੰਘ, ਪਰਮਵੀਰ ਸਿੰਘ ਦੁਸਾਂਝ, ਮਨਦੀਪ ਕੌਰ, ਨਿਰਮਲ ਸਿੰਘ ਸਮੇਤ ਇਲਾਕੇ ਦੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।