ਟੈਕ ਸਿੰਫੋਨਿਕ 2026 ’ਚ ਯੂਨੀਵਰਸਿਟੀ ਕਾਲਜ ਨੇ ਜਿੱਤੀ ਓਵਰਆਲ ਟ੍ਰਾਫੀ
ਟੈਕ ਸਿੰਫੋਨਿਕ 2026 ’ਚ ਯੂਨੀਵਰਸਿਟੀ ਕਾਲਜ ਨੇ ਜਿੱਤੀ ਓਵਰਆਲ ਟ੍ਰਾਫੀ
Publish Date: Tue, 07 Apr 2026 06:39 PM (IST)
Updated Date: Wed, 08 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨੇ ਇਕ ਵਾਰ ਫਿਰ ਆਪਣੀ ਸ਼ਾਨ ’ਚ ਵਾਧਾ ਕਰਦਿਆਂ ਲਾਇਲਪੁਰ ਖ਼ਾਲਸਾ ਕਾਲਜ ’ਚ ਕਰਵਾਈ ‘ਟੈਕ ਸਿੰਫੋਨਿਕ 2026’ ’ਚ ਓਵਰਆਲ ਟ੍ਰਾਫੀ ਜਿੱਤ ਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ। ਇਸ ਸਮਾਗਮ ’ਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਉੱਤਮ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਆਪਣੇ ਨਾਮ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਓਐੱਸਡੀ ਪ੍ਰੋਫੈਸਰ ਡਾ. ਨਵਜੋਤ ਕੌਰ ਨੇ ਦੱਸਿਆ ਕਿ ਡਿਵਾਂਸ਼ੀ ਨੇ ਸੋਲੋ ਡਾਂਸ ’ਚ ਪਹਿਲਾ ਸਥਾਨ ਹਾਸਲ ਕੀਤਾ। ਕੋਮਲ ਤੇ ਸਾਨਿਆ ਨੇ ਕੋਲਾਜ ਮੈਕਿੰਗ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਪ੍ਰਿਆ ਤੇ ਰੋਹਿਤ ਨੇ ‘ਬੈਸਟ ਆਊਟ ਆਫ ਵੇਸਟ’ ’ਚ ਬਾਜ਼ੀ ਮਾਰੀ। ਰਾਘਵਾ ਤੇ ਸੁਧਾਂਸ਼ੂ ਨੇ ਸਲਾਦ ਮੇਕਿੰਗ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਦੇਵਾਂਸ਼ੂ ਨੇ ਰੰਗੋਲੀ ਮੁਕਾਬਲੇ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨਾਂ ਦੇ ਸਦਕਾ ਕਾਲਜ ਨੇ ਸਮੁੱਚੀ ਟ੍ਰਾਫੀ ਆਪਣੇ ਨਾਮ ਕੀਤੀ, ਜੋ ਸੰਸਥਾ ਲਈ ਮਾਣ ਦੀ ਗੱਲ ਹੈ। ਵਿਦਿਆਰਥੀਆਂ ਦੀ ਇਸ ਕਾਮਯਾਬੀ ਨੇ ਨਾ ਸਿਰਫ ਕਾਲਜ ਦਾ ਮਾਣ ਵਧਾਇਆ ਹੈ, ਸਗੋਂ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੀ ਹੈ। ਇਸ ਮੌਕੇ ਡਾ. ਨਵਜੋਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਲਗਨ, ਮਿਹਨਤ ਤੇ ਕਲਾ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ’ਚ ਵੀ ਵਿਦਿਆਰਥੀਆਂ ਨੂੰ ਅਕਾਦਮਿਕ, ਸੱਭਿਆਚਾਰਕ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ’ਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ। ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੇ ਇਸ ਗੌਰਵਮਈ ਪਲ ਨੂੰ ਖੁਸ਼ੀ ਨਾਲ ਮਨਾਇਆ ਤੇ ਜੇਤੂਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।