ਖਿਤਿਜ਼ 2026 ’ਚ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਖਿਤਿਜ਼ 2026 ’ਚ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਦਰਸ਼ਨ, ਟ੍ਰੇਜ਼ਰ ਹੰਟ ਤੇ ਰਾਜ ਪੱਧਰੀ ਮੁਕਾਬਲਿਆਂ ’ਚ ਦੂਜਾ ਸਥਾਨ
Publish Date: Sun, 01 Mar 2026 06:46 PM (IST)
Updated Date: Mon, 02 Mar 2026 04:11 AM (IST)

* ਟ੍ਰੇਜ਼ਰ ਹੰਟ ਤੇ ਸੂਬਾ ਪੱਧਰੀ ਮੁਕਾਬਲਿਆਂ ’ਚ ਦੂਜਾ ਸਥਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਡੋਵਾਲੀ ਰੋਡ ਸਥਿਤ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ‘ਖਿਤਿਜ਼ 2026’ ਅੰਤਰ-ਕਾਲਜ ਸਮਾਗਮ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟ੍ਰੇਜ਼ਰ ਹੰਟ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕਰਵਾਏ ਰਾਜ ਪੱਧਰੀ ਸਭਿਆਚਾਰਕ ਸਮਾਗਮ ’ਚ ਵੀ ਕਾਲਜ ਦੀ ਵਿਦਿਆਰਥਣ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਅਹਿਮ ਉਪਲਬਧੀ ਦਰਜ ਕੀਤੀ। ਜਾਣਕਾਰੀ ਦਿੰਦਿਆਂ ਕਾਲਜ ਦੇ ਇੰਚਾਰਜ ਡਾ. ਅਸ਼ੀਸ਼ ਅਰੋੜਾ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕਰਵਾਏ ਰਾਜ ਪੱਧਰੀ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਤੇ ਸਮਾਜ ’ਚ ਸਕਾਰਾਤਮਕ ਸੋਚ ਨੂੰ ਉਤਸ਼ਾਹਤ ਕਰਨਾ ਸੀ। ਇਸ ਸਮਾਗਮ ’ਚ ਪੰਜਾਬ ਭਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪੋਸਟਰ ਮੇਕਿੰਗ ਮੁਕਾਬਲੇ ’ਚ ਬੀ-ਕਾਮ ਛੇਵੇਂ ਸਮੈਸਟਰ ਦੀ ਵਿਦਿਆਰਥਣ ਕੋਮਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਉਸਨੇ ਆਪਣੇ ਪੋਸਟਰ ਰਾਹੀਂ ਨਸ਼ਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ, ਜਿਸ ’ਚ ਸਮਾਜਿਕ ਜਾਗਰੂਕਤਾ, ਨੌਜਵਾਨਾਂ ਦੀ ਭੂਮਿਕਾ ਤੇ ਸਿਹਤਮੰਦ ਜੀਵਨ ਦੀ ਮਹੱਤਤਾ ਨੂੰ ਸੁੰਦਰ ਢੰਗ ਨਾਲ ਦਰਸਾਇਆ ਗਿਆ। ਯੂਨੀਵਰਸਿਟੀ ਵੱਲੋਂ ਕੋਮਲ ਨੂੰ ਟਰਾਫੀ ਤੇ 4,000 ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਜੀਐੱਨਏ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਅੰਤਰ-ਕਾਲਜੀ ਸਮਾਗਮ ’ਚ ਯੂਨੀਵਰਸਿਟੀ ਕਾਲਜ ਦੀ ਟੀਮ ਨੇ ਟ੍ਰੇਜ਼ਰ ਹੰਟ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕੀਤਾ। ਟੀਮ ਦੇ ਮੈਂਬਰ ਸੰਤੋਸ਼, ਹਰਮਨ, ਕੇਤਨ, ਕਾਜਲ ਤੇ ਸੁਜਲ ਨੇ ਬੇਮਿਸਾਲ ਟੀਮ ਵਰਕ, ਤਿੱਖੀ ਸੋਚ ਤੇ ਦ੍ਰਿੜ ਨਿਸ਼ਚੇ ਨਾਲ ਹਰ ਚੁਣੌਤੀ ਦਾ ਸਾਹਮਣਾ ਕੀਤਾ। ਰੋਮਾਂਚਕ ਪੜਾਆਂ ਨਾਲ ਭਰੇ ਇਸ ਮੁਕਾਬਲੇ ’ਚ ਉਨ੍ਹਾਂ ਦੀ ਸਮਝਦਾਰੀ ਤੇ ਸਹਿਯੋਗੀ ਭਾਵਨਾ ਨੇ ਉਨ੍ਹਾਂ ਨੂੰ ਕਾਮਯਾਬੀ ਦਿਵਾਈ। ਟੀਮ ਨੂੰ 3,100 ਰੁਪਏ ਨਕਦ ਇਨਾਮ ਵੀ ਪ੍ਰਦਾਨ ਕੀਤਾ ਗਿਆ। ਡਾ. ਅਰੋੜਾ ਨੇ ਕਿਹਾ ਕਿ ਇਹ ਉਪਲਬਧੀਆਂ ਵਿਦਿਆਰਥੀਆਂ ਦੀ ਮਿਹਨਤ ਤੇ ਕਾਲਜ ਦੇ ਪ੍ਰੇਰਕ ਮਾਹੌਲ ਦਾ ਪ੍ਰਤੀਕ ਹਨ। ਟੀਮ ਦੇ ਨਾਲ ਮ੍ਰਿਦੁ ਸ਼ਰਮਾ ਤੇ ਮਨਪ੍ਰੀਤ ਵੀ ਮੌਜੂਦ ਸਨ, ਜਿਨ੍ਹਾਂ ਦੀ ਰਹਿਨੁਮਾਈ ਨੇ ਵਿਦਿਆਰਥੀਆਂ ਦਾ ਹੁੰਸਲਾ ਵਧਾਇਆ। ਇਸ ਮੌਕੇ ਕਾਲਜ ਪ੍ਰਬੰਧਨ ਦੇ ਇੰਚਾਰਜ ਡਾ. ਲਖਵੀਰ ਸਿੰਘ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਸੰਸਥਾ ’ਚ ਵਿਦਿਆਰਥੀਆਂ ਦੇ ਹੁਨਰ, ਆਤਮਵਿਸ਼ਵਾਸ ਤੇ ਸਰਗਰਮ ਭਾਗੀਦਾਰੀ ਦੀ ਝਲਕ ਹਨ। ‘ਖਿਤਿਜ਼ 2026’ ਵਰਗੇ ਮੰਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਮੌਕੇ ਡਾ. ਸੰਜੀਵ ਅਰੋੜਾ, ਡਾ. ਸੋਨੀਆ ਕੁੰਦਰਾ, ਡਾ. ਪਰਵਿੰਦਰ ਕੌਰ ਢਿੱਲੋਂ, ਡਾ. ਨੇਹਾ ਕਾਲੜਾ ਤੇ ਡਾ. ਮਨਦੀਪ ਕੌਰ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।