ਪੁਲਿਸ ਤੇ ਲੋਕਾਂ ਦੇ ਏਕੇ ਨੇ ਪੰਜਾਬ ਲਈ ਕਾਇਮ ਕੀਤੀ ਨਵੀਂ ਮਿਸਾਲ
ਪੁਲਿਸ ਤੇ ਲੋਕਾਂ ਦੇ ਏਕੇ ਨੇ ਪੰਜਾਬ ਲਈ ਕਾਇਮ ਕੀਤੀ ਨਵੀਂ ਮਿਸਾਲ
Publish Date: Sun, 12 Apr 2026 06:28 PM (IST)
Updated Date: Sun, 12 Apr 2026 06:34 PM (IST)

- ਡੀਐੱਸਪੀ ਸੁਖਪਾਲ ਸਿੰਘ ਨੇ ਪਾਈਆਂ ਨਸ਼ੇੜੀਆਂ ਨੂੰ ਭਾਜੜਾਂ, ਤਲਵੰਡੀ ਮਾਧੋ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ - 75 ਨਸ਼ੇੜੀਆਂ ਨੂੰ ਕਾਬੂ ਕਰ ਕੇ ਜ਼ਬਤ ਕੀਤੇ 60 ਮੋਟਰਸਾਈਕਲ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਕਿਹਾ ਜਾਂਦਾ ਹੈ ਕਿ ਜੇਕਰ ਆਮ ਜਨਤਾ ਆਪਸ ਵਿਚ ਏਕਾ ਕਰ ਲਵੇ ਅਤੇ ਪੁਲਿਸ ਪ੍ਰਸ਼ਾਸਨ ਉਨ੍ਹਾਂ ਦਾ ਇਮਾਨਦਾਰੀ ਨਾਲ ਸਾਥ ਦੇਵੇ ਤਾਂ ਨਸ਼ੇ ਵਰਗੀ ਭਿਆਨਕ ਬਿਮਾਰੀ ਨੂੰ ਸਮਾਜ ਵਿੱਚੋਂ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਇਸ ਕਥਨ ਨੂੰ ਸੱਚ ਸਾਬਤ ਕਰ ਦਿਖਾਇਆ ਹੈ, ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਮਾਧੋ ਦੇ ਲੋਕਾਂ ਨੇ, ਜਿਨ੍ਹਾਂ ਪੁਲਿਸ ਦੇ ਸ਼ਾਨਦਾਰ ਸਹਿਯੋਗ ਨਾਲ ਆਪਣੇ ਇਲਾਕੇ ਨੂੰ ਨਸ਼ੇੜੀਆਂ ਦੀ ਦਹਿਸ਼ਤ ਤੋਂ ਮੁਕਤ ਕਰਵਾਉਣ ਲਈ ਵੱਡਾ ਕਦਮ ਚੁੱਕਿਆ। ਇਹ ਘਟਨਾ ਪੂਰੇ ਪੰਜਾਬ ਲਈ ਇੱਕ ਚਾਨਣ ਮੁਨਾਰਾ ਬਣ ਕੇ ਉੱਭਰੀ ਹੈ। ਨਸ਼ੇੜੀਆਂ ਨੇ ਮਚਾਈ ਹੋਈ ਸੀ ਦਹਿਸ਼ਤ : ਕਪੂਰਥਲਾ ਜ਼ਿਲ੍ਹੇ ਦੇ ‘ਨਸ਼ਾ ਹੌਟਸਪੌਟ’ ਵਜੋਂ ਬਦਨਾਮ ਪਿੰਡ ਲਾਟੀਆਂਵਾਲ ਤੋਂ ਸਿਰਫ ਇੱਕ ਕਿਲੋਮੀਟਰ ਦੂਰ ਸਥਿਤ ਤਲਵੰਡੀ ਮਾਧੋ ਦੇ ਲੋਕ ਨਸ਼ੇੜੀਆਂ ਤੋਂ ਬੇਹੱਦ ਤੰਗ ਸਨ। ਲਾਟੀਆਂਵਾਲ ਤੋਂ ਚਿੱਟਾ ਖਰੀਦਣ ਲਈ ਰੋਜ਼ਾਨਾ 50 ਤੋਂ 100 ਮੋਟਰਸਾਈਕਲ ਇਸ ਪਿੰਡ ਵਿੱਚੋਂ ਲੰਘਦੇ ਸਨ। ਹਾਲਾਤ ਇੰਨੇ ਮਾੜੇ ਸਨ ਕਿ ਨਸ਼ੇੜੀਆਂ ਨੇ ਦੁਕਾਨਾਂ ਤੋਂ ਪੈਸੇ ਤੇ ਗੈਸ ਸਿਲੰਡਰ, ਪਾਰਕਾਂ ਦੀਆਂ ਸਟਰੀਟ ਲਾਈਟਾਂ, ਸ਼ਮਸ਼ਾਨਘਾਟ ਦਾ ਸਾਮਾਨ ਅਤੇ ਕਿਸਾਨਾਂ ਦੀਆਂ ਮੋਟਰਾਂ ਦੇ ਸਟਾਰਟਰ ਤੱਕ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਸਨ। ਔਰਤਾਂ, ਭੈਣਾਂ-ਧੀਆਂ ਅਤੇ ਬੱਚਿਆਂ ਦਾ ਗਲੀਆਂ ਵਿੱਚ ਨਿਕਲਣਾ ਮੁਸ਼ਕਿਲ ਹੋ ਗਿਆ ਸੀ ਕਿਉਂਕਿ ਨਸ਼ੇੜੀ ਵਾਲੀਆਂ ਖੋਹਣ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਦਹਿਸ਼ਤ ਦਾ ਆਲਮ ਇਹ ਸੀ ਕਿ ਦੁਕਾਨਦਾਰਾਂ ਨੂੰ ਆਪਣੀ ਸੁਰੱਖਿਆ ਲਈ ਦੁਕਾਨਾਂ ਅੱਗੇ ਜੇਲ੍ਹਾਂ ਵਰਗੀਆਂ ਲੋਹੇ ਦੀਆਂ ਮਜ਼ਬੂਤ ਗਰਿੱਲਾਂ ਲਗਵਾਉਣੀਆਂ ਪਈਆਂ ਸਨ। ਡੀਐੱਸਪੀ ਦੀ ਅਗਵਾਈ ’ਚ ਐਕਸ਼ਨ ’ਤੇ ਕਾਰਵਾਈ : ਜਦੋਂ ਪਾਣੀ ਸਿਰ ਤੋਂ ਲੰਘ ਗਿਆ, ਤਾਂ ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਤਾਲਮੇਲ ਕਰਵਾਇਆ। ਇਸ ਮੌਕੇ ਸ਼ਾਹਕੋਟ ਦੇ ਡੀਐੱਸਪੀ ਸੁਖਪਾਲ ਸਿੰਘ ਨੇ ਜਿਸ ਮੁਸ਼ਤੈਦੀ ਅਤੇ ਦਲੇਰੀ ਨਾਲ ਕਾਰਵਾਈ ਕੀਤੀ, ਉਹ ਬੇਹੱਦ ਸ਼ਲਾਘਾਯੋਗ ਹੈ। ਡੀਐੱਸਪੀ ਸੁਖਪਾਲ ਸਿੰਘ ਦੀ ਕੁਸ਼ਲ ਅਗਵਾਈ ਹੇਠ ਪੁਲਿਸ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾਇਆ। ਉਨ੍ਹਾਂ ਦੀ ਰਣਨੀਤੀ ਅਤੇ ਪਿੰਡ ਵਾਸੀਆਂ ਦੇ ਸਾਥ ਸਦਕਾ ਸਵੇਰ ਤੋਂ ਸ਼ਾਮ ਤੱਕ ਚੱਲੇ ਇਸ ਆਪ੍ਰੇਸ਼ਨ ਦੌਰਾਨ 70 ਤੋਂ 75 ਨਸ਼ੇੜੀਆਂ ਨੂੰ ਰਾਊਂਡਅਪ ਕੀਤਾ ਗਿਆ। 55-60 ਮੋਟਰਸਾਈਕਲ ਜ਼ਬਤ ਕੀਤੇ ਗਏ। ਕੁਝ ਨਸ਼ਾ ਤਸਕਰ ਵੀ ਫੜੇ ਗਏ, ਜਿਨ੍ਹਾਂ ਕੋਲੋਂ ਚਿੱਟਾ ਅਤੇ ਕੰਡਾ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਇਆ ਕਿ ਇਹ ਨਸ਼ੇੜੀ ਅਨੰਦਪੁਰ ਸਾਹਿਬ, ਜਗਰਾਓਂ, ਨਕੋਦਰ ਅਤੇ ਲੁਧਿਆਣਾ ਵਰਗੇ ਦੂਰ-ਦੁਰਾਡੇ ਇਲਾਕਿਆਂ ਤੋਂ ਲਾਟੀਆਂਵਾਲ ਵਿੱਚੋਂ ਨਸ਼ਾ ਲੈਣ ਆਏ ਸਨ। ਡੀਐੱਸਪੀ ਸੁਖਪਾਲ ਸਿੰਘ ਵੱਲੋਂ ਕੀਤੀ ਗਈ ਇਸ ਸਖ਼ਤ ਅਤੇ ਤੇਜ਼ ਕਾਰਵਾਈ ਨੇ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਵਿੱਚ ਵਿਸ਼ਵਾਸ ਹੋਰ ਪੱਕਾ ਕਰ ਦਿੱਤਾ ਹੈ। ਹੁਣ ਪਿੰਡ ’ਚ ਹੈ ‘ਲੌਕਡਾਊਨ’ ਵਰਗੀ ਸ਼ਾਂਤੀ : ਡੀਐੱਸਪੀ ਸੁਖਪਾਲ ਸਿੰਘ, ਪੁਲਿਸ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਇਸ ਸਾਂਝੀ ਮੁਹਿੰਮ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵੱਲ ਆਉਂਦੇ ਨਸ਼ੇੜੀਆਂ ਨੂੰ ਖਦੇੜ ਦਿੱਤਾ ਗਿਆ ਹੈ ਅਤੇ ਹੁਣ ਪਿੰਡ ਵਿੱਚ ਇੰਨੀ ਸ਼ਾਂਤੀ ਹੈ ਜਿਵੇਂ ਲੌਕਡਾਊਨ ਲੱਗਾ ਹੋਵੇ। ਫੜੇ ਗਏ ਨਸ਼ੇੜੀਆਂ ਨੂੰ ਸਖ਼ਤ ਚਿਤਾਵਨੀ ਦੇ ਕੇ ਛੱਡਿਆ ਗਿਆ ਹੈ ਕਿ ਜੇਕਰ ਕੋਈ ਵੀ ਮੁੜ ਇਸ ਇਲਾਕੇ ਵੱਲ ਆਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ----- ਮੁੱਖ ਤਸਕਰਾਂ ’ਤੇ ਵੀ ਹੋਵੇ ਵੱਡੀ ਕਾਰਵਾਈ : ਸਰਪੰਚ ਅਮਰੀਕ ਸਿੰਘ ਪਿੰਡ ਤਲਵੰਡੀ ਮਾਧੋ ਦੇ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਕਪੂਰਥਲਾ ਜ਼ਿਲ੍ਹੇ ਦੇ ਨਸ਼ੇ ਲਈ ਬਦਨਾਮ ਪਿੰਡ ਲਾਟੀਆਂਵਾਲ ਤੋਂ ਸਿਰਫ ਇੱਕ ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ। ਨਸ਼ੇੜੀਆਂ ਵੱਲੋਂ ਪਿੰਡ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਸੀ। ਹਾਲਾਤ ਇੰਨੇ ਮਾੜੇ ਸਨ ਕਿ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਅੱਗੇ ਜੇਲ੍ਹਾਂ ਵਰਗੀਆਂ ਲੋਹੇ ਦੀਆਂ ਗਰਿੱਲਾਂ ਲਗਾਉਣੀਆਂ ਪਈਆਂ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਨੇ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ੇੜੀਆਂ ਨੂੰ ਕਾਬੂ ਕੀਤਾ। ਹੁਣ ਵੀ ਪਿੰਡ ਵਾਸੀਆਂ ਵੱਲੋਂ ਲਗਾਤਾਰ ਸਖ਼ਤ ਠੀਕਰੀ ਪਹਿਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਾਰੇ ਪਿੰਡ ਵਾਸੀ ਇਕਜੁੱਟ ਹੋ ਜਾਣ ਤਾਂ ਹਰ ਪਿੰਡ ਵਿਚੋਂ ਨਸ਼ਾ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਪ੍ਰਸ਼ਾਸਨ ਸਿਰਫ਼ ਨਸ਼ਾ ਕਰਨ ਵਾਲਿਆਂ ਤੱਕ ਸੀਮਤ ਨਾ ਰਹੇ, ਸਗੋਂ ਪਿੰਡ ਲਾਟੀਆਂਵਾਲ ਅਤੇ ਹੋਰ ਇਲਾਕਿਆਂ ਵਿਚ ਨਸ਼ਾ ਸਪਲਾਈ ਕਰਨ ਵਾਲੇ ਮੁੱਖ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ।