ਪੰਥਕ ਧਿਰਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁਟ ਹੋਣਾ ਸ਼ਲਾਘਾਯੋਗ : ਭਾਈ ਪਾਲ ਸਿੰਘ
ਪੰਥਕ ਧਿਰਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਇਕਮੁੱਠ ਹੋਣਾ ਸ਼ਲਾਘਾਯੋਗ : ਭਾਈ ਪਾਲ ਸਿੰਘ
Publish Date: Sun, 22 Feb 2026 08:33 PM (IST)
Updated Date: Sun, 22 Feb 2026 08:36 PM (IST)

- ਹਵਾਰਾ ’ਚ ਪੁੱਜੀਆਂ ਸਾਰੀਆਂ ਧਿਰਾਂ ਦਾ ਕੌਮੀ ਇਨਸਾਫ਼ ਮੋਰਚਾ ਨੇ ਕੀਤਾ ਧੰਨਵਾਦ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਬੰਦੀ ਸਿੰਘਾਂ ਦੀ ਰਿਹਾਈ ਲਈ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾਂ ਵਿਖੇ ਹੋਏ ਚੜ੍ਹਦੀਕਲਾ ਪੰਥਕ ਇਕੱਠ ਵਿਚ ਸ਼ਿਰਕਤ ਕਰਨ ਵਾਲੀਆਂ ਸਮੂਹ ਪੰਥਕ ਧਿਰਾਂ ਤੇ ਕਿਸਾਨ ਜਥੇਬੰਦੀਆਂ ਦਾ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਧੰਨਵਾਦ ਕੀਤਾ ਹੈ। ਇਸ ਮੌਕੇ ਭਾਈ ਪਾਲ ਸਿੰਘ ਨੇ ਕਿਹਾ ਕਿ ਸਾਰੀਆਂ ਪੰਥਕ ਧਿਰਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਮੰਚ ’ਤੇ ਇਕੱਠੀਆਂ ਹੋਈਆਂ ਹਨ। ਜਿਵੇਂ ਅੱਜ ਸਾਰੀਆਂ ਧਿਰਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਸਾਂਝੇ ਮਕਸਦ ਲਈ ਇੱਕ ਮੰਚ ’ਤੇ ਆਈਆਂ ਹਨ। ਉਸੇ ਤਰ੍ਹਾਂ ਸਾਰਿਆਂ ਨੂੰ ਆਪਸੀ ਵਖਰੇਵੇਂ ਭੁਲਾ ਕੇ ਵਿਸ਼ਾਲ ‘ਪੰਥਕ ਏਕਤਾ’ ਲਈ ਵੀ ਪਹਿਲਕਦਮੀ ਕਰਨੀ ਚਾਹੀਦੀ ਹੈ। ਸਮੇਂ ਦੀ ਮੁੱਖ ਮੰਗ ਹੈ ਕਿ ਪੰਥਕ ਧਿਰਾਂ ਇਕਜੁਟ ਹੋ ਕੇ ਪੰਥ ਤੇ ਪੰਜਾਬ ਦੇ ਭਲੇ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚਾ ਕਿਸੇ ਇੱਕ ਧਿਰ ਜਾਂ ਵਿਅਕਤੀ ਵਿਸ਼ੇਸ਼ ਦਾ ਨਹੀਂ, ਸਗੋਂ ਸਮੁੱਚੇ ਪੰਥ ਅਤੇ ਇਨਸਾਫ਼ ਪਸੰਦ ਲੋਕਾਂ ਦਾ ਸਾਂਝਾ ਮੰਚ ਹੈ। ਉਨ੍ਹਾਂ ਸਖ਼ਤ ਲਹਿਜੇ ਵਿੱਚ ਤਾੜਨਾ ਕਰਦਿਆਂ ਕਿਹਾ ਕਿ ਮੋਰਚੇ ਦੌਰਾਨ ਜਾਂ ਸਟੇਜ ਉੱਤੇ ਜੇਕਰ ਕੋਈ ਵੀ ਵਿਅਕਤੀ ਹੁੱਲੜਬਾਜ਼ੀ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਖਲਲ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਅਜਿਹੀ ਅਨੁਸ਼ਾਸਨਹੀਣਤਾ ਕਰਨ ਵਾਲਾ ਵਿਅਕਤੀ ਕਿਸੇ ਜਥੇਬੰਦੀ ਨਾਲ ਸਬੰਧਤ ਪਾਇਆ ਗਿਆ, ਤਾਂ ਉਸ ਦੀ ਸਿੱਧੀ ਅਤੇ ਮੁਕੰਮਲ ਜ਼ਿੰਮੇਵਾਰੀ ਉਕਤ ਜਥੇਬੰਦੀ ਦੇ ਮੁਖੀ ਦੀ ਹੋਵੇਗੀ। ਭਾਈ ਪਾਲ ਸਿੰਘ ਫਰਾਂਸ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਖ਼ਿਲਾਫ਼ ਇਹ ਲੜਾਈ ਬਹੁਤ ਸੰਵੇਦਨਸ਼ੀਲ ਹੈ, ਇਸ ਲਈ ਸੰਘਰਸ਼ ਨੂੰ ਕਾਮਯਾਬ ਕਰਨ ਲਈ ਸਾਰਿਆਂ ਨੂੰ ਪੂਰਨ ਜਾਬਤੇ ਵਿਚ ਰਹਿਣ ਦੀ ਸਖ਼ਤ ਲੋੜ ਹੈ।