ਸੰਯੁਕਤ ਕਿਸਾਨ ਮੋਰਚਾ ਸ਼ਾਹਕੋਟ ’ਚ ਕੱਲ੍ਹ ਕੱਢੇਗਾ ਟ੍ਰੈਕਟਰ ਮਾਰਚ
26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਸ਼ਾਹਕੋਟ ’ਚ ਟ੍ਰੈਕਟਰ ਮਾਰਚ
Publish Date: Sat, 24 Jan 2026 06:39 PM (IST)
Updated Date: Sun, 25 Jan 2026 04:16 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਮੋਰਚੇ ਦੀ ਤਹਿਸੀਲ ਕਮੇਟੀ ਸ਼ਾਹਕੋਟ ਵੱਲੋਂ 26 ਜਨਵਰੀ ਨੂੰ ਤਹਿਸੀਲ ਸ਼ਾਹਕੋਟ ਦੇ ਪਿੰਡਾਂ ’ਚ ਟ੍ਰੈਕਟਰ ਮਾਰਚ ਕਰ ਕੇ ਕਿਸਾਨਾਂ, ਮਜ਼ਦੂਰਾਂ ਤੇ ਕਿਰਤੀਆਂ ਨੂੰ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਗਰੂਕ ਕੀਤਾ ਜਾਵੇਗਾ। ਟ੍ਰੈਕਟਰ ਮਾਰਚ ਦੀਆਂ ਹੁਣ ਤੱਕ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ ਮੋਰਚੇ ਦੀ ਹੰਗਾਮੀ ਮੀਟਿੰਗ ਵਰਿੰਦਰਪਾਲ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ’ਚ ਮੋਰਚੇ ’ਚ ਸ਼ਾਮਲ ਜੱਥੇਬੰਦੀਆਂ ਦੇ ਵਿਚਾਰ ਜਾਨਣ ਤੋਂ ਬਾਅਦ ਮੋਰਚੇ ਨੇ ਟ੍ਰੈਕਟਰ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰ ਲਏ ਜਾਣ ਦਾ ਦਾਅਵਾ ਕੀਤਾ ਹੈ। ਮੋਰਚੇ ਦੇ ਆਗੂ ਗੁਰਚਰਨ ਸਿੰਘ ਚਾਹਲ, ਬਲਦੇਵ ਸਿੰਘ ਗੱਟੀ ਤੇ ਮਨਜੀਤ ਸਿੰਘ ਮਲਸੀਆਂ ਨੇ ਦੱਸਿਆ ਕਿ 26 ਜਨਵਰੀ ਨੂੰ ਸਥਾਨਿਕ ਰੈਸਟ ਹਾਊਸ ਦੇ ਨੇਡ਼ਿਉ ਟ੍ਰੈਕਟਰ ਮਾਰਚ ਸ਼ੁਰੂ ਹੋ ਕੇ ਕਸਬੇ ਦੇ ਬਾਜ਼ਾਰਾਂ, ਪਿੰਡ ਸਲੈਚ, ਸੇਖੇਵਾਲ, ਮੀਏਂਵਾਲ ਅਰਾਈਆਂ, ਇਨੋਵਾਲ ਤੇ ਸੈਦਪੁਰ ਝਿਡ਼ੀ ’ਚ ਆ ਕੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ ਜੱਥੇਬੰਦੀਆਂ ਦੇ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਨਾਲ ਹੀ ਰੋਕਿਆ ਜਾ ਸਕਦਾ ਹੈ। ਉਨ੍ਹਾਂ ਸਮੂਹ ਕਿਰਤੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣ ਕੇ 26 ਜਨਵਰੀ ਦੇ ਟ੍ਰੈਕਟ ਮਾਰਚ ’ਚ ਵੱਡੀ ਗਿਣਤੀ ’ਚ ਪੁੱਜਣ ਦਾ ਸੱਦਾ ਦਿਤਾ। ਮੀਟਿੰਗ ’ਚ ਬਲਕਾਰ ਸਿੰਘ ਫਾਜਲਵਾਲ, ਜਸਪਾਲ ਸਿੰਘ, ਬੂਟਾ ਸਿੰਘ ਮੁਰੀਦਵਾਲ, ਮਨਜੀਤ ਸਿੰਘ ਸਾਬੀ, ਮੱਖਣ ਸਿੰਘ, ਨਿਰਮਲ ਸਿੰਘ ਕਾਂਗਣਾ, ਬਿੱਟੂ ਰੂਪੇਵਾਲੀ, ਗੁਰਸੇਵਕ ਸੇਠ, ਗੁਰਮੀਤ ਸਿੰਘ ਕੋਟਲੀ, ਜਸਬੀਰ ਸਿੰਘ, ਕਰਮਜੀਤ ਸਿੰਘ, ਬੂਡ਼ ਸਿੰਘ, ਪਿਤ੍ਰਪਾਲ ਸਿੰਘ, ਸੁਰਿੰਦਰ ਬਾਜਵਾ ਤੇ ਸੰਤੋਖ ਸਿੰਘ ਸਿੰਧਡ਼ ਹਾਜ਼ਰ ਸਨ।