40 ਲੱਖ ਪਰਿਵਾਰਾਂ ਦਾ ਸਹਾਰਾ ਬਣੇਗੀ ‘ਮੇਰੀ ਰਸੋਈ’: ਕੋਹਲੀ
ਸੀਐੱਮ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ‘ਮੇਰੀ ਰਸੋਈ’ ਸਕੀਮ ਨਾਲ 40 ਲੱਖ ਪਰਿਵਾਰਾਂ ਨੂੰ ਵੱਡੀ ਰਾਹਤ: ਨਿਤਿਨ ਕੋਹਲੀ
Publish Date: Wed, 25 Feb 2026 08:30 PM (IST)
Updated Date: Wed, 25 Feb 2026 08:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨੇ ਜਾਰੀ ਪ੍ਰੈੱਸ ਬਿਆਨ ’ਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਤੇ ਲੋਕ-ਹਿਤੈਸ਼ੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਮੇਰੀ ਰਸੋਈ’ ਸਕੀਮ ਪੰਜਾਬ ਦੇ ਕਰੀਬ 40 ਲੱਖ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਗਰੀਬ ਤੇ ਮੱਧਵਰਗ ਪਰਿਵਾਰਾਂ ਦੇ ਘਰੇਲੂ ਖਰਚੇ ਘਟਾਉਣ ਵੱਲ ਇਕ ਇਤਿਹਾਸਿਕ ਕਦਮ ਹੈ, ਜੋ ਸਰਕਾਰ ਦੀ ਲੋਕ-ਕੇਂਦਰਿਤ ਸੋਚ ਨੂੰ ਦਰਸਾਉਂਦੀ ਹੈ। ਕੋਹਲੀ ਨੇ ਦੱਸਿਆ ਕਿ ਨੀਲੇ ਰਾਸ਼ਨ ਕਾਰਡ ਧਾਰਕਾਂ ਨੂੰ ਉੱਚ ਗੁਣਵੱਤਾ ਵਾਲੀ ਕਣਕ ਦੇ ਨਾਲ ਵਿਸ਼ੇਸ਼ ਫੂਡ ਕਿਟ ਦਿੱਤੀ ਜਾਵੇਗੀ, ਜਿਸ ’ਚ 2 ਕਿੱਲੋ ਦਾਲ, 2 ਕਿੱਲੋ ਖੰਡ, ਇਕ ਕਿੱਲੋ ਨਮਕ, 200 ਗ੍ਰਾਮ ਹਲਦੀ ਪਾਊਡਰ ਤੇ ਇਕ ਲੀਟਰ ਸਰ੍ਹੋਂ ਦਾ ਤੇਲ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ 6 ਮਾਰਚ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਪੰਜਾਬ ਦੀ ਸਿਆਸਤ ’ਚ ਨਵਾਂ ਅਧਿਆਇ ਲਿਖੇਗਾ ਤੇ ਆਮ ਆਦਮੀ ਪਾਰਟੀ ਦੀ ਲੋਕ-ਪੱਖੀ ਨੀਤੀਆਂ ਨੂੰ ਹੋਰ ਮਜ਼ਬੂਤ ਕਰੇਗਾ। ਅੰਤ ’ਚ ਉਨ੍ਹਾਂ ਭਰੋਸਾ ਦਿਵਾਇਆ ਕਿ ਜਲੰਧਰ ਸੈਂਟਰਲ ’ਚ ਹਰ ਯੋਜਨਾ ਦਾ ਲਾਭ ਪੂਰੀ ਪਾਰਦਰਸ਼ਤਾ ਨਾਲ ਹੱਕਦਾਰਾਂ ਤੱਕ ਪਹੁੰਚਾਇਆ ਜਾਵੇਗਾ।