ਮਾਤਾ ਸਤੀ ਦੀ ਕਥਾ ਹਰੇਕ ਯੁੱਗ ’ਚ ਪ੍ਰੇਰਨਾਦਾਇਕ : ਭਾਰਤੀ
ਮਾਤਾ ਸਤੀ ਵਰਗੀ ਭਗਤੀ ਨਾਲ ਹੀ ਪਰਮਾਤਮਾ ਨਾਲ ਅਟੂਟ ਮਿਲਾਪ ਸੰਭਵ: ਸਾਧਵੀ ਸ਼ਚਿ ਭਾਰਤੀ
Publish Date: Wed, 18 Mar 2026 08:06 PM (IST)
Updated Date: Wed, 18 Mar 2026 08:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਦਿਵਿਆ ਜਯੋਤੀ ਜਾਗਰਿਤੀ ਸੰਸਥਾਨ ਵੱਲੋਂ ਦਾਣਾ ਮੰਡੀ ’ਚ 17 ਤੋਂ 21 ਮਾਰਚ ਤੱਕ ਪੰਜ ਦਿਨਾ ਸ਼੍ਰੀ ਰਾਮ ਕਥਾ ਦਾ ਸ਼ੁਭਆਰੰਭ ਭਗਤੀਮਈ ਮਾਹੌਲ ਵਿੱਚ ਹੋਇਆ। ਪਹਿਲੇ ਦਿਨ ਦੀ ਕਥਾ ਮਾਤਾ ਸਤੀ ਦੇ ਜਨਮ ਉਤਸਵ ਨੂੰ ਸਮਰਪਿਤ ਰਹੀ। ਸੰਸਥਾਨ ਦੇ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਪ੍ਰਗਿਆ ਚਕਸ਼ੁ ਸਾਧਵੀ ਸ਼ਚੀ ਭਾਰਤੀ ਨੇ ਮਾਤਾ ਸਤੀ ਦੇ ਜੀਵਨ, ਉਨ੍ਹਾਂ ਦੀ ਤਪੱਸਿਆ, ਭਗਤੀ ਤੇ ਪਰਮਾਤਮਾ ਨਾਲ ਅਟੁੱਟ ਮਿਲਾਪ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਸਤੀ ਦੀ ਕਥਾ ਸਿਰਫ ਧਾਰਮਿਕ ਗਾਥਾ ਨਹੀਂ, ਸਗੋਂ ਹਰ ਯੁੱਗ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਵਾਂਗ ਪਵਿੱਤਰਤਾ, ਅਟੱਲ ਭਗਤੀ ਤੇ ਸਮਰਪਣ ਨਾਲ ਹੀ ਆਤਮਿਕ ਉੱਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਸਾਧਵੀ ਨੇ ਕਿਹਾ ਕਿ ਸ਼੍ਰੀ ਰਾਮ ਕਥਾ ਸਿਰਫ ਭਗਵਾਨ ਸ਼੍ਰੀ ਰਾਮ ਦੇ ਜੀਵਨ ਦਾ ਵਰਣਨ ਨਹੀਂ, ਬਲਕਿ ਮਨੁੱਖੀ ਜੀਵਨ ਲਈ ਮਾਰਗਦਰਸ਼ਨ ਹੈ, ਜੋ ਧਰਮ, ਕਰੱਤਵ, ਪ੍ਰੇਮ, ਨਿਸ਼ਠਾ ਤੇ ਸੱਚਾਈ ਦੇ ਸਿਧਾਂਤਾਂ ’ਤੇ ਅਧਾਰਿਤ ਹੈ। ਕਥਾ ਸੁਣਨ ਨਾਲ ਮਨ ’ਚ ਸ਼ਾਂਤੀ, ਚੇਤਨਾ ਤੇ ਆਧਿਆਤਮਿਕ ਊਰਜਾ ਦਾ ਵਿਕਾਸ ਹੁੰਦਾ ਹੈ। ਕਥਾ ਦੀ ਸ਼ੁਰੂਆਤ ਪ੍ਰਭੂ ਦੀ ਪਵਿੱਤਰ ਜੋਤੀ ਜਲਾ ਕਰ ਕੇ ਕੀਤੀ ਗਈ, ਜਦਕਿ ਭਜਨ-ਕੀਰਤਨ ਤੇ ਭਗਤੀਮਈ ਸੰਗੀਤ ਨੇ ਪੂਰੇ ਪੰਡਾਲ ਨੂੰ ਅਧਿਆਤਮਿਕ ਰੰਗ ’ਚ ਰੰਗ ਦਿੱਤਾ। ਕਥਾ ਹਰ ਰੋਜ਼ ਸ਼ਾਮ 6:30 ਤੋਂ 9:30 ਵਜੇ ਤੱਕ ਹੋਵੇਗੀ ਤੇ ਅੰਤ ’ਚ ਆਰਤੀ ਉਪਰੰਤ ਸੰਗਤ ਨੂੰ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਪ੍ਰਦੀਪ ਤਿਵਾੜੀ ਤੇ ਰੰਜਨ ਪੰਡਿਤ ਹਾਜ਼ਰ ਰਹੇ। ਸਮਾਗਮ ’ਚ ਸ਼ਿਵ ਮੰਡਲੀ ਇਸਤਰੀ ਸਭਾ ਤੇ ਸ਼ਿਵ ਮੰਦਰ ਸਮਿਤੀ ਮਹਿਤਪੁਰ ਦੇ ਮੈਂਬਰਾਂ ਨੇ ਵੀ ਸਰਗਰਮ ਹਿੱਸਾ ਲਿਆ।