ਉਧੋਵਾਲ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਗਮ
ਯਾਦਗਾਰੀ ਰਿਹਾ ਉਧੋਵਾਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ
Publish Date: Tue, 10 Feb 2026 08:22 PM (IST)
Updated Date: Tue, 10 Feb 2026 08:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਨਜ਼ਦੀਕੀ ਪਿੰਡ ਉਧੋਵਾਲ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਧੋਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਨਾਲ ਹੋਈ। ਇਸ ਮੌਕੇ ਪਰਮਜੀਤ ਸਿੰਘ ਮਾਨ (ਸਾਬਕਾ ਸਰਪੰਚ ਤੇ ਸਮਾਜ ਸੇਵੀ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਗੁਲਸ਼ਨ ਕੁਮਾਰ ਬਠਲਾ, ਬਲਵਿੰਦਰ ਸਿੰਘ (ਸਾਬਕਾ ਸਰਪੰਚ), ਕੇਵਲ ਸਿੰਘ ਮਾਨ, ਜੋਜਫ ਗਿੱਲ (ਸਾਬਕਾ ਸਰਪੰਚ) ਤੇ ਦਨੇਸ਼ ਕੁਮਾਰ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਰਹੇ। ਇਸ ਤੋਂ ਇਲਾਵਾ ਮਨਪ੍ਰੀਤ ਕੌਰ (ਚੇਅਰਪਰਸਨ ਐੱਸਐੱਮਸੀ), ਪ੍ਰੇਮ ਲਾਲ (ਸਰਪੰਚ ਗ੍ਰਾਮ ਪੰਚਾਇਤ ਉਧੋਵਾਲ) ਸਮੇਤ ਪਿੰਡ ਦੇ ਪਤਵੰਤੇ ਸੱਜਣ, ਵਿਦਿਆਰਥੀਆਂ ਦੇ ਮਾਪੇ ਤੇ ਪੁਰਾਣੇ ਵਿਦਿਆਰਥੀ ਵੱਡੀ ਗਿਣਤੀ ’ਚ ਹਾਜ਼ਰ ਸਨ। ਸਕੂਲ ਮੁਖੀ ਅਮਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਸੈਸ਼ਨ ਦੌਰਾਨ ਸਕੂਲ ਦੇ ਨਤੀਜੇ ਸ਼ਾਨਦਾਰ ਰਹੇ ਹਨ ਤੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ’ਚ ਵੀ ਮਹੱਤਵਪੂਰਨ ਉਪਲੱਬਧੀਆਂ ਹਾਸਲ ਕੀਤੀਆਂ ਹਨ। ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਦੋ ਵਿਦਿਆਰਥੀਆਂ ਨੇ ਪਹਿਲਾ ਸਥਾਨ, ਜਦਕਿ ਮੈਥ ਮੇਲੇ ’ਚ ਚਾਰ ਵਿਦਿਆਰਥੀਆਂ ਨੇ ਵੱਖ-ਵੱਖ ਸਬ-ਥੀਮਾਂ ਹੇਠ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਵਿਕਾਸ ਲਈ ਦਾਨੀ ਸੱਜਣਾਂ ਵੱਲੋਂ ਖੁੱਲ੍ਹ ਕੇ ਮਾਲੀ ਸਹਿਯੋਗ ਦਿੱਤਾ ਗਿਆ, ਜਿਸ ਲਈ ਸਕੂਲ ਪ੍ਰਬੰਧਨ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਬੱਡੀ ’ਚ ਪਿੰਡ ਦਾ ਨਾਮ ਰੌਸ਼ਨ ਕਰਨ ਵਾਲੇ ਮੋਨੂੰ ਉਧੋਵਾਲ ਨੂੰ ਵੀ ਖਾਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ’ਚ ਸਕੂਲ ਮੁਖੀ ਅਮਰਜੀਤ ਸਿੰਘ ਨੇ ਸਾਰੇ ਮਹਿਮਾਨਾਂ, ਦਾਨੀ ਸੱਜਣਾਂ ਤੇ ਸਟਾਫ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਗਿੱਧੇ ਨਾਲ ਹੋਈ। ਸਟੇਜ ਸਕੱਤਰ ਦੀ ਭੂਮਿਕਾ ਸਤਨਾਮ ਸਿੰਘ (ਮੈਥ ਮਾਸਟਰ) ਨੇ ਬਾਖੂਬੀ ਨਿਭਾਈ। ਇਸ ਤਰ੍ਹਾਂ ਸਮਾਗਮ ਯਾਦਗਾਰੀ ਛਾਪ ਛੱਡਦਾ ਹੋਇਆ ਸੰਪੰਨ ਹੋਇਆ।