ਐੱਚਐੱਮਵੀ ਕਾਲਜੀਏਟ ਸਕੂਲ ’ਚ ‘ਉਡਾਨ-ਇਕ ਨਵੀਂ ਦਿਸ਼ਾ ਦਾ ਆਰੰਭ’ ਸਮਾਰੋਹ ਕਰਵਾਇਆ
ਐੱਚਐੱਮਵੀ ਕਾਲਜੀਏਟ ਸਕੂਲ ਵਿਖੇ ‘ਉਡਾਨ-ਇਕ ਨਵੀਂ ਦਿਸ਼ਾ ਦਾ ਆਰੰਭ’ ਕਰਵਾਇਆ
Publish Date: Mon, 16 Feb 2026 06:48 PM (IST)
Updated Date: Mon, 16 Feb 2026 06:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ’ਚ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ‘ਉਡਾਨ–2026: ਇਕ ਨਵੀਂ ਦਿਸ਼ਾ ਦਾ ਆਰੰਭ’ ਕਰਵਾਇਆ। ਸਮਾਰੋਹ ਦੀ ਸ਼ੁਰੂਆਤ ਗਿਆਨ ਜੋਤੀ ਜਗਾਉਣ ਨਾਲ ਹੋਈ, ਜਿਸ ਤੋਂ ਬਾਅਦ ਸਾਰਿਆਂ ਨੇ ਡੀਏਵੀ ਗਾਨ ਗਾ ਕੇ ਕਾਰਜਕ੍ਰਮ ਨੂੰ ਅਗਾਂਹ ਵਧਾਇਆ। ਸਕੂਲ ਕੋਆਰਡੀਨੇਟਰ ਅਰਵਿੰਦਰ ਕੌਰ ਨੇ ਡੀਨ ਅਕਾਦਮਿਕ ਤੇ ਸਕੂਲ ਸਲਾਹਕਾਰ ਡਾ. ਸੀਮਾ ਮਰਵਾਹਾ ਨੂੰ ਪਲਾਂਟਰ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ’ਚ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥਣਾਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਵਿਦਾਇਗੀ ਨਹੀਂ, ਸਗੋਂ ਸੁਪਨਿਆਂ ਦੀ ਨਵੀਂ ਉਡਾਨ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੇ ਕਰਤੱਵਾਂ, ਅਧਿਕਾਰਾਂ ਤੇ ਨੈਤਿਕ ਮੁੱਲਾਂ ’ਚ ਸੰਤੁਲਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਡਾ. ਸੀਮਾ ਮਰਵਾਹਾ ਨੇ ਵੀ ਵਿਦਿਆਰਥਣਾਂ ਨੂੰ ਧਿਆਨ ਕੇਂਦਰਿਤ ਰਹਿਣ ਤੇ ਸਮਰਪਣ ਨਾਲ ਮਿਹਨਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਜੀਵਨ ਸਿਰਫ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਮੁੱਲਾਂ ਦੀ ਸਿਖਲਾਈ ਵੀ ਦਿੰਦਾ ਹੈ, ਜੋ ਭਵਿੱਖ ’ਚ ਉੱਚੇ ਮੁਕਾਮ ਤੱਕ ਪਹੁੰਚਣ ਲਈ ਮਦਦਗਾਰ ਹੁੰਦਾ ਹੈ। ਇਸ ਮੌਕੇ ਗਿਆਰ੍ਹਵੀਂ ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਦੇ ਸਨਮਾਨ ’ਚ ਡਾਂਸ, ਗੀਤ, ਗਿੱਧਾ, ਖੇਡਾਂ ਤੇ ਮਾਡਲਿੰਗ ਪ੍ਰਸਤੁਤੀਆਂ ਪੇਸ਼ ਕੀਤੀਆਂ। ਹੈੱਡ ਗਰਲ ਰਿਧਮ ਨੇ ਸਕੂਲ ’ਚ ਬਿਤਾਏ ਆਪਣੇ ਅਨਮੋਲ ਪਲ ਸਾਂਝੇ ਕੀਤੇ। ਆਰਟਸ, ਕਾਮਰਸ ਤੇ ਸਾਇੰਸ ਸਟਰੀਮ ਦੀਆਂ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਨੂੰ ਫੁੱਲ ਭੇਟ ਕਰ ਕੇ ਕ੍ਰਿਤਗਤਾ ਪ੍ਰਗਟਾਈ। ਮਿਸ ਫੇਅਰਵੈੱਲ ਐੱਚਐੱਮਵੀ ਕਾਲਜੀਏਟ ਦਾ ਖਿਤਾਬ ਫਰਲੀਨ ਕੌਰ ਨੂੰ ਮਿਲਿਆ, ਜਦਕਿ ਰਿਧਮ ਫਸਟ ਰਨਰ-ਅੱਪ ਤੇ ਦੀਕਸ਼ਾ ਸੈਕੰਡ ਰਨਰ-ਅੱਪ ਰਹੀ। ਵਿਸ਼ੇਸ਼ ਖਿਤਾਬਾਂ ’ਚ ਖੁਸ਼ੀ ਨੂੰ ਮਿਸ ਆਰਟਸੀ ਕਵੀਨ, ਸਨੇਹਪ੍ਰੀਤ ਨੂੰ ਮਿਸ ਟੈਕ ਫੈਰੀ ਤੇ ਅਮਨ ਨੂੰ ਮਿਸ ਬਿਜ ਗਰਲ ਵਜੋਂ ਸਨਮਾਨਿਤ ਕੀਤਾ ਗਿਆ। ਜਾਹਨਵੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ੇਸ਼ ਪ੍ਰਸ਼ੰਸਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਜੱਜਾਂ ਦੀ ਭੂਮਿਕਾ ਬੀਨੂ ਗੁਪਤਾ, ਡਾ. ਉਰਵਸ਼ੀ ਤੇ ਨਵਨੀਤਾ ਨੇ ਨਿਭਾਈ। ਪ੍ਰੋਗਰਾਮ ਦੀ ਸਮਾਪਤੀ ਸਕੂਲ ਕੋਆਰਡੀਨੇਟਰ ਅਰਵਿੰਦਰ ਕੌਰ ਦੇ ਧੰਨਵਾਦ ਮਤੇ ਨਾਲ ਹੋਈ। ਮੰਚ ਸੰਚਾਲਨ ਗੁਰਲੀਨ ਤੇ ਪਾਹੁਲ ਵੱਲੋਂ ਕੀਤਾ ਗਿਆ। ਇਸ ਮੌਕੇ ਸਕੂਲ ਦਾ ਅਧਿਆਪਕ ਤੇ ਨਾਨ-ਟੀਚਿੰਗ ਸਟਾਫ ਵੀ ਮੌਜੂਦ ਰਿਹਾ।