ਗੰਨਾ ਕਾਸ਼ਤਕਾਰਾਂ ਲਈ ਲਾਈ ਟ੍ਰੇਨਿੰਗ
ਗੰਨਾ ਕਾਸ਼ਤਕਾਰਾਂ ਲਈ ਦੋ ਰੋਜ਼ਾ ਸਿਖ਼ਲਾਈ
Publish Date: Sun, 08 Feb 2026 06:45 PM (IST)
Updated Date: Sun, 08 Feb 2026 06:47 PM (IST)

- ਗੰਨੇ ਦੀਆਂ ਕਾਸ਼ਤਕਾਰੀ ਤਕਨੀਕਾਂ, ਕੀੜੇ-ਮਕੌੜਿਆਂ ਦੀ ਰੋਕਥਾਮ, ਰੋਗ ਪ੍ਰਬੰਧਨ, ਗੰਨੇ ਦੀ ਅੰਤਰ-ਫਸਲੀ ਬਾਰੇ ਦਿੱਤੀ ਜਾਣਕਾਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਉੱਨਤ ਕ੍ਰਿਸ਼ੀ ਯੋਜਨਾ ਤਹਿਤ ਪਿੰਡ ਮੰਡੀਆਲਾ ਵਿਖੇ ਖ਼ੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਗੰਨਾ ਸ਼ਾਖਾ ਵੱਲੋਂ ਦੋ ਰੋਜ਼ਾ ਕਿਸਾਨ ਟ੍ਰੇਨਿੰਗ ਲਾਈ ਗਈ। ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰਾਜੈਕਟ ਅਫ਼ਸਰ ਜਲੰਧਰ ਡਾ. ਮਨਧੀਰ ਸਿੰਘ ਦੀ ਅਗਵਾਈ ਹੇਠ ਲਾਏ ਗਏ ਇਸ ਸਿਖ਼ਲਾਈ ਕੈਂਪ ’ਚ ਸਹਾਇਕ ਗੰਨਾ ਵਿਕਾਸ ਅਫ਼ਸਰ ਜਲੰਧਰ ਡਾ. ਗੁਰਚਰਨ ਸਿੰਘ, ਡਾਇਰੈਕਟਰ ਕੀਟ ਵਿਗਿਆਨੀ ਡਾ. ਯੁਵਰਾਜ ਸਿੰਘ, ਫ਼ਸਲ ਵਿਗਿਆਨੀ ਡਾ. ਜਸ਼ਨਜੋਤ ਕੌਰ, ਗੰਨਾ ਖੋਜ ਕੇਂਦਰ ਕਪੂਰਥਲਾ ਤੋਂ ਡਾ. ਅਨੁਰਾਧਾ, ਪ੍ਰਿੰਸੀਪਲ ਸਾਇੰਸਟਿਸਟ ਪੀਏਯੂ ਲੁਧਿਆਣਾ ਡਾ. ਮਨਿੰਦਰ ਸਿੰਘ ਨੇ ਗੰਨੇ ਦੀਆਂ ਕਾਸ਼ਤਕਾਰੀ ਤਕਨੀਕਾਂ, ਕੀੜੇ-ਮਕੌੜਿਆਂ ਦੀ ਰੋਕਥਾਮ, ਰੋਗ ਪ੍ਰਬੰਧਨ, ਗੰਨੇ ਦੀ ਅੰਤਰ-ਫਸਲੀ ਤੇ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਪ੍ਰਤੀ ਹੈੱਕਟੇਅਰ ਪੈਦਾਵਾਰ ਵਧਾ ਕੇ ਆਮਦਨ ਵਧਾਉਣ ਲਈ ਪੰਜਾਬ ’ਚ ਗੰਨੇ ਦੀ ਫ਼ਸਲ ’ਚ ਅੰਤਰ ਫ਼ਸਲਾਂ ਹੇਠ ਰਕਬਾ ਵਧਾਉਣ ਲਈ ਪ੍ਰਦਰਸ਼ਨੀ ਪਲਾਟ ਲਾਏ ਜਾ ਰਹੇ ਹਨ ਤਾਂ ਜੋ ਗੰਨਾ ਕਾਸ਼ਤਕਾਰਾਂ ਦੀ ਆਰਥਿਕਤਾ ਮਜ਼ਬੂਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਉੱਨਤੀ ਯੋਜਨਾ ਮਕਸਦ ਫ਼ਸਲ ਉਤਪਾਦਨ, ਤਕਨਾਲੋਜੀ ਤੇ ਬੀਜਾਂ ਲਈ ਸਹਾਇਤਾ ਪ੍ਰਦਾਨ ਕਰ ਕੇ ਅਨਾਜ ਉਤਪਾਦਨ ਨੂੰ ਵਧਾਉਣਾ, ਮਿੱਟੀ ਦੀ ਸਿਹਤ ਨੂੰ ਬਹਾਲ ਕਰਨਾ, ਕਿਸਾਨਾਂ ਦੀ ਆਮਦਨ ’ਚ ਸੁਧਾਰ ਕਰਨਾ ਤੇ ਪੋਸ਼ਣ ਸੁਰੱਖਿਆ ਨੂੰ ਵਧਾਉਣਾ ਹੈ। ਇਸ ਸਕੀਮ ਤਹਿਤ ਖ਼ੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਗੰਨਾ ਸ਼ਾਖਾ ਵੱਲੋਂ ਜਾਗਰੂਕਤਾ ਕੈਂਪ ਤੇ ਟ੍ਰੇਨਿੰਗ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੰਨਾ ਪੰਜਾਬ ਦੀ ਕਣਕ, ਝੋਨਾ ਤੇ ਕਪਾਹ ਤੋਂ ਚੌਥੀ ਅਜਿਹੀ ਨਕਦੀ ਫ਼ਸਲ ਹੈ, ਜੋ ਮੌਸਮ ਦੇ ਬੁਰੇ ਪ੍ਰਭਾਵਾਂ ਨੂੰ ਸਹਿ ਕੇ ਵੀ ਗੰਨਾ ਕਾਸ਼ਤਕਾਰਾਂ ਨੂੰ ਆਮਦਨ ਦੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਪ੍ਰਤੀ ਹੈੱਕਟੇਅਰ ਉਤਪਾਦਕਤਾ ਵਧਾਉਣ ਲਈ ਬਿਜਾਈ ਦੀ ਚੌੜੀ ਵਿੱਥ ਵਿਧੀ, ਅੰਤਰ ਫ਼ਸਲਾਂ ਤੇ ਮਲਚਿੰਗ ਤਕਨੀਕ ਵਰਤ ਕੇ ਪ੍ਰਦਰਸ਼ਨੀ ਪਲਾਟ ਤੇ ਜਾਗਰੂਕਤਾ ਕੈਂਪ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਪੰਜਾਬ ਦੀਆਂ ਵੱਖੋ-ਵੱਖ ਖੰਡ ਮਿੱਲਾਂ ਦੇ ਅਧਿਕਾਰਤ ਖੇਤਰਾਂ ’ਚ ਜਾਗਰੂਕਤਾ ਕੈਂਪ ਤੇ ਪ੍ਰਦਰਸ਼ਨੀ ਪਲਾਟ ਲਾਏ ਜਾ ਰਹੇ ਹਨ। ਡਾ. ਰਚਨਾ ਗੋਇਲ ਸਾਇੰਨਟਿਸਟ ਕੇਵੀਕੇ ਨੂਰਮਹਿਲ ਨੇ ਕਿਸਾਨਾਂ ਨੂੰ ਮਿੱਟੀ ਪਰਖ ਕਰਨ ਲਈ ਪ੍ਰੇਰਿਤ ਕੀਤਾ ਤੇ ਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਲਈ ਕਿਹਾ। ਪ੍ਰਾਜੈਕਟ ਅਫ਼ਸਰ (ਗੰਨਾਂ) ਜਲੰਧਰ ਪੰਜਾਬ ਡਾ. ਮਨਧੀਰ ਸਿੰਘ ਨੇ ਕਿਹਾ ਕਿ ਪ੍ਰਤੀ ਹੈੱਕਟੇਅਰ ਗੰਨੇ ਦੀ ਉਤਪਾਦਕਤਾ ਵਧਾਉਣ ਨਾਲ ਗੰਨੇ ਦੀ ਫ਼ਸਲ ਦੀ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਪ੍ਰਤੀ ਹੈੱਕਟੇਅਰ ਪੈਦਾਵਰ ਵਧਾਉਣ ਦੇ ਮਕਸਦ ਲਈ ਗੰਨਾ ਕਾਸ਼ਤਕਾਰਾਂ ਨੂੰ ਚੌੜੀ ਵਿੱਥ ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿਖਲਾਈ ਅਫਸਰ ਡਾ. ਸੁਖਚੈਨ ਸਿੰਘ ਨੇ ਦੱਸਿਆ ਕਿ ਗੰਨੇ ਦੀ ਫ਼ਸਲ ’ਚ ਝੋਨੇ ਦੀ ਪਰਾਲੀ ਖਿਲਾਰਨ ਨਾਲ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਇਆ ਜਾ ਸਕੇਗਾ, ਉੱਥੇ ਸਰਦੀ ਤੇ ਗਰਮੀ ਤੋਂ ਫ਼ਸਲ ਦਾ ਬਚਾਅ ਹੋਣ ਕਾਰਨ ਪ੍ਰਤੀ ਹੈੱਕਟੇਅਰ ਪੈਦਾਵਾਰ ’ਚ ਵੀ ਵਾਧਾ ਹੋ ਸਕੇਗਾ। ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਸੁਚੱਜੀ ਮੰਡੀਕਰਣ ਤੇ ਖੇਤੀ ਆਧਾਰਿਤ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ। ਖੇਤੀ ਵਿਸਥਾਰ ਅਫ਼ਸਰ ਨਕੋਦਰ ਮਹਿੰਦਰ ਸਿੰਘ ਨੇ ਦੱਸਿਆ ਕਿ ਪਤਝੜ ਰੁੱਤ ਦੀ ਗੰਨੇ ਦੀ ਫ਼ਸਲ ਤੋਂ ਵਧੇਰੇ ਆਮਦਨ ਲੈਣ ਲਈ ਅੰਤਰ ਫ਼ਸਲਾਂ ਲੈਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅੰਤਰ ਫ਼ਸਲਾਂ ਜਿਵੇਂ ਕਣਕ, ਸਰ੍ਹੋਂ, ਸਬਜ਼ੀਆਂ ਤੇ ਦਾਲਾਂ ਦੀ ਕਾਸ਼ਤ ਕਰਕੇ ਘਰੇਲੂ ਤੇ ਬਾਜ਼ਾਰ ਦੀਆਂ ਜ਼ਰੂਰਤਾਂ ਨੁੰ ਪੂਰਿਆ ਕੀਤਾ ਜਾ ਸਕਦਾ ਹੈ। ਸੀਸੀਡੀਓ ਖੰਡ ਮਿੱਲ ਨਕੋਦਰ ਮਨਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਿਲ ਦੀ ਗੰਨਾ ਪੀੜ੍ਹਨ ਦੀ ਸਮਰੱਥਾ ਵਧਣ ਕਰਕੇ ਗੰਨੇ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ।