75ਵੀਂ ਵਰ੍ਹੇਗੰਢ ਮੌਕੇ ਸਾਹਿਤਕ ਤੇ ਸੱਭਿਆਚਾਰਕ ਸੰਮੇਲਨ
ਲਾਇਲਪੁਰ ਖ਼ਾਲਸਾ ਕਾਲਜ ਦੀ 75ਵੀਂ ਵਰ੍ਹੇਗੰਢ ਮੌਕੇ ਦੋ-ਰੋਜ਼ਾ ਸਾਹਿਤਕ ਤੇ ਸੱਭਿਆਚਾਰਕ ਸੰਮੇਲਨ
Publish Date: Thu, 02 Apr 2026 07:39 PM (IST)
Updated Date: Thu, 02 Apr 2026 07:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਆਪਣੀ 75ਵੀਂ ਵਰ੍ਹੇਗੰਢ (ਪਲੈਟੀਨਮ ਜੁਬਲੀ) ਮੌਕੇ 19 ਅਤੇ 20 ਮਾਰਚ 2026 ਨੂੰ ਦੋ-ਰੋਜ਼ਾ ਸਾਹਿਤਕ ਤੇ ਸੱਭਿਆਚਾਰਕ ਸੰਮੇਲਨ ਕਰਵਾਇਆ ਗਿਆ। ਕਾਲਜ ਦੀ ਸਥਾਪਨਾ 1908 ’ਚ ਲਹਿੰਦੇ ਪੰਜਾਬ ਦੇ ਸ਼ਹਿਰ ਲਾਇਲਪੁਰ (ਮੌਜੂਦਾ ਫੈਸਲਾਬਾਦ) ’ਚ ਸੰਤ ਅਤਰ ਸਿੰਘ ਵੱਲੋਂ ਕੀਤੀ ਗਈ ਸੀ। ਵੰਡ ਤੋਂ ਬਾਅਦ 1948 ’ਚ ਇਸ ਨੂੰ ਜਲੰਧਰ ਵਿਖੇ ਮੁੜ ਸਥਾਪਿਤ ਕੀਤਾ ਗਿਆ। ਪੰਜਾਬੀ ਵਿਭਾਗ, ਜਿਸ ਵਿੱਚ 1950 ਤੋਂ ਐੱਮਏ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੋਈ, ਅੱਜ ਆਪਣੀ ਸਥਾਪਨਾ ਦੇ 75 ਸਾਲ ਪੂਰੇ ਕਰ ਚੁੱਕਾ ਹੈ। ਇਸ ਮੌਕੇ ਵਿਭਾਗ ਵੱਲੋਂ ਵੱਖ-ਵੱਖ ਸਾਹਿਤਕ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ, ਜਿਵੇਂ ਕਿ ਵਿਰਾਸਤੀ ਪਿੰਡ ਦੀ ਝਲਕ, ਪੁਸਤਕ ਮੇਲਾ, ਅੰਤਰ-ਕਾਲਜ ਕਾਵਿ ਉਚਾਰਨ ਮੁਕਾਬਲੇ, ਪ੍ਰਸ਼ਨੋਤਰੀ ਅਤੇ ਪੋਸਟਰ ਮੇਕਿੰਗ ਮੁਕਾਬਲੇ। ਇਸ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਵੀ ਦਰਬਾਰ ਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਨਾਟਕ “ਟਿਕਟਾਂ ਦੋ ਲੈ ਲਈਂ” ਦਾ ਮੰਚਨ ਵੀ ਕੀਤਾ ਗਿਆ। ਸਮਾਗਮ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਤੇ ਪ੍ਰਸਿੱਧ ਸ਼ਾਇਰ ਸਵਰਨਜੀਤ ਸਵੀ ਸ਼ਾਮਲ ਹੋਏ। ਆਏ ਹੋਏ ਮਹਿਮਾਨਾਂ ਦਾ ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਸੇਖੋਂ ਨੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਵਿਸ਼ੇਸ਼ ਮਹਿਮਾਨਾਂ ’ਚ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ, ਪਰਮਜੀਤ ਦਿਓਲ, ਪ੍ਰੋ. ਕੁਲਵੰਤ ਔਜਲਾ ਅਤੇ ਹੋਰ ਪ੍ਰਸਿੱਧ ਵਿਦਵਾਨਾਂ ਨੇ ਹਾਜ਼ਰੀ ਭਰੀ। ਸਾਬਕਾ ਅਧਿਆਪਕਾਂ ’ਚ ਡਾ. ਕੁਲਵੰਤ ਸਿੰਘ ਸੰਧੂ, ਡਾ. ਗੋਪਾਲ ਸਿੰਘ ਬੁੱਟਰ, ਪ੍ਰੋ. ਸੁਖਬੀਰ ਸਿੰਘ ਤੇ ਕੁਲਦੀਪ ਕੌਰ ਦੁਸਾਂਝ ਵੀ ਮੌਜੂਦ ਸਨ। ਇਹ ਸੰਮੇਲਨ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਸੰਭਾਲ ਤੇ ਪ੍ਰਸਾਰ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ।