ਵਿਸਾਖੀ ਮੌਕੇ ਦੋ ਦਿਨਾਂ ਸਮਾਗਮਾਂ ਦੀ ਸ਼ੁਰੂਆਤ
ਵਿਸਾਖੀ ਮੌਕੇ ਦੋ ਦਿਨਾਂ ਸਮਾਗਮਾਂ ਦੀ ਸ਼ੁਰੂਆਤ, ਪਹਿਲੇ ਦਿਨ ਵਿਸ਼ਾਲ ਸੰਧਿਆ ਫੇਰੀ ਸਜਾਈ
Publish Date: Fri, 17 Apr 2026 07:17 PM (IST)
Updated Date: Fri, 17 Apr 2026 07:21 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਡਰੋਲੀ ਕਲਾਂ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਵਿਖੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਪਵਿੱਤਰ ਤਿਉਹਾਰ ਮੌਕੇ ਦੋ ਦਿਨਾਂ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਦੇਖ-ਰੇਖ ਹੇਠ ਸ਼ੁਰੂ ਹੋਏ। ਸਮਾਗਮਾਂ ਦੇ ਪਹਿਲੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਸੰਧਿਆ ਫੇਰੀ ਸਜਾਈ ਗਈ। ਸੰਧਿਆ ਫੇਰੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਪਧਿਆਣਾ ਤੋਂ ਹੁੰਦੀ ਹੋਈ ਡਰੋਲੀ ਕਲਾਂ ਦੀ ਪਰਿਕਰਮਾ ਕਰਦਿਆਂ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਈ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ’ਚ ਸੰਗਤਾਂ ਨੇ ਸ਼ਿਰਕਤ ਕੀਤੀ। ਰਸਤੇ ਦੌਰਾਨ ਸੰਗਤਾਂ ਲਈ ਵੱਖ-ਵੱਖ ਥਾਵਾਂ ’ਤੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਉਪਰੰਤ ਰਾਤ ਦੇ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਕਥਾਵਾਚਕਾਂ ਤੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੇ ਦੂਜੇ ਦਿਨ ਵੀ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿੱਥੇ ਭਾਈ ਹਰਪ੍ਰੀਤ ਸਿੰਘ ਵਡਾਲਾ, ਭਾਈ ਗੁਰਜੀਤ ਸਿੰਘ (ਹਜ਼ੂਰੀ ਰਾਗੀ, ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ, ਡਰੋਲੀ ਕਲਾਂ), ਭਾਈ ਵਰਨਜੀਤ ਸਿੰਘ ਤੇ ਭਾਈ ਤਾਰਾ ਬਲਵੀਰ ਸਿੰਘ (ਹਜ਼ੂਰੀ ਰਾਗੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸਮਾਗਮ ’ਚ ਰਸ਼ਪਾਲ ਸਿੰਘ (ਸਰਪੰਚ), ਰਣਵੀਰ ਪਾਲ ਸਿੰਘ, ਨਰਿੰਦਰ ਸਿੰਘ, ਜਰਨੈਲ ਸਿੰਘ, ਕਮਲਜੀਤ ਸਿੰਘ, ਜਰਨੈਲ ਸਿੰਘ ਪਰਮਾਰ, ਸਤਨਾਮ ਸਿੰਘ (ਇੰਸਪੈਕਟਰ, ਸੀਆਈਡੀ), ਡਾ. ਰਣਧੀਰ ਸਿੰਘ ਰੰਧਾਵਾ, ਦਲਜੀਤ ਸਿੰਘ ਮਿਨਹਾਸ, ਦਲਵੀਰ ਸਿੰਘ ਤੇ ਹੋਰ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਅੰਤ ’ਚ ਪ੍ਰਧਾਨ ਮਨੋਹਰ ਸਿੰਘ ਵੱਲੋਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।