ਸਕੂਟਰ ਤੇ ਕਾਰ ਦੀ ਟੱਕਰ ’ਚ ਦੋ ਗੰਭੀਰ ਜ਼ਖਮੀ, ਕਾਰ ਚਾਲਕ ਮੌਕੇ ਤੋਂ ਫ਼ਰਾਰ
ਥਾਰ ਦੀ ਪਿੱਛੋਂ ਟੱਕਰ ਨਾਲ ਐਕਟਿਵਾ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ, ਚਾਲਕ ਮੌਕੇ ਤੋਂ ਫਰਾਰ
Publish Date: Mon, 09 Mar 2026 06:28 PM (IST)
Updated Date: Mon, 09 Mar 2026 06:30 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਕਿਸ਼ਨਗੜ੍ਹ ਨੇੜੇ ਸੰਘਵਾਲ ਸਟੇਡੀਅਮ ਸਾਹਮਣੇ ਰਾਤ ਕਰੀਬ 12 ਵਜੇ ਇਕ ਤੇਜ਼ ਰਫ਼ਤਾਰ ਕਾਰ ਵੱਲੋਂ ਸਕੂਟਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਗਈ। ਹਾਦਸੇ ’ਚ ਸਕੂਟਰ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਦਕਿ ਥਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸਕੂਟਰ ਨੰਬਰ ਪੀਬੀ-08-ਈਵੀ-0893 ’ਤੇ ਸਵਾਰ ਸੁਖਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਤੇ ਜਗਮੋਹਣ ਸਿੰਘ ਪੁੱਤਰ ਬਲਵਿੰਦਰ ਸਿੰਘ, ਦੋਵੇਂ ਵਾਸੀ ਕਿੰਗਰਾ ਚੋਅ ਵਾਲਾ, ਜਲੰਧਰ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ। ਜਦੋਂ ਉਹ ਸੰਘਵਾਲ ਸਟੇਡੀਅਮ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਥਾਰ (ਨੰਬਰ ਪੀਬੀ-07-ਬੀਐੱਕਸ-0019) ਨੇ ਉਨ੍ਹਾਂ ਦੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਉਨ੍ਹਾਂ ’ਚੋਂ ਇਕ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਾਲਾ ਬੱਕਰਾ ਦਾਖਲ ਕਰਵਾਇਆ ਗਿਆ, ਜਦਕਿ ਦੂਜੇ ਨੂੰ ਪ੍ਰਾਈਵੇਟ ਐਂਬੂਲੈਂਸ ਰਾਹੀਂ ਜਲੰਧਰ ਦੇ ਨਿੱਜੀ ਹਸਪਤਾਲ ’ਚ ਇਲਾਜ ਲਈ ਭੇਜਿਆ ਗਿਆ। ਐੱਸਐੱਸਐੱਫ ਦੇ ਕਰਮਚਾਰੀਆਂ ਨੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ, ਜੋ ਮੌਕੇ ’ਤੇ ਪਹੁੰਚ ਗਏ। ਹਾਦਸੇ ਤੋਂ ਬਾਅਦ ਕਾਰ ਚਾਲਕ ਗੱਡੀ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਟੱਕਰ ਕਾਰਨ ਕਾਰ ਦੇ ਅਗਲੇ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਗੱਡੀ ਚੱਲਣ ਦੇ ਯੋਗ ਨਹੀਂ ਰਹੀ। ਪੁਲਿਸ ਨੇ ਕਾਰ ’ਚੋਂ ਗੱਡੀ ਦੀ ਚਾਬੀ, ਆਰਸੀ, ਇਕ ਮੋਬਾਈਲ ਫੋਨ ਤੇ 2840 ਰੁਪਏ ਨਗਦ ਬਰਾਮਦ ਕੀਤੇ ਹਨ। ਬਰਾਮਦ ਸਾਮਾਨ ਐੱਸਐੱਸਐੱਫ ਟੀਮ ਵੱਲੋਂ ਚੌਕੀ ਕਿਸ਼ਨਗੜ੍ਹ ਦੇ ਹੈੱਡ ਕਾਂਸਟੇਬਲ ਲਵਪ੍ਰੀਤ ਅੱਤਰੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਾਰ ਤੇ ਹੋਰ ਸਾਮਾਨ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।