ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
ਦੋ ਨੌਜਵਾਨ ਨਸ਼ੇ ਦੀ ਓਵਰਡੋਜ ਲੈਣ ਕਾਰਨ ਇਕ ਦੀ ਮੌਤ ਇਕ ਨੂੰ ਬਚਾ ਲਿਆ ਗਿਆ
Publish Date: Wed, 18 Feb 2026 09:06 PM (IST)
Updated Date: Wed, 18 Feb 2026 09:09 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ ਪਿੰਡ ਉਧੋਵਾਲ ’ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਸਮੇਂ ਸਿਰ ਇਲਾਜ ਮਿਲਣ ਕਾਰਨ ਬਚਾਅ ਲਿਆ ਗਿਆ। ਜਾਣਕਾਰੀ ਅਨੁਸਾਰ 22 ਸਾਲਾ ਜਸਬੀਰ ਸਿੰਘ ਉਰਫ਼ ਜੱਸਾ ਪੁੱਤਰ ਤੀਰਥ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ, ਜਦਕਿ ਲਵਦੀਪ ਸਿੰਘ ਸਿੱਧੂ ਪੁੱਤਰ ਮੱਖਣ ਸਿੰਘ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਕੇ ਬਚਾਅ ਲਿਆ ਗਿਆ। ਸੂਚਨਾ ਮਿਲਣ ’ਤੇ ਐੱਸਐੱਚਓ ਮਹਿਤਪੁਰ ਪੰਕਜ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਥਾਣਾ ਮਹਿਤਪੁਰ ’ਚ ਐੱਫਆਈਆਰ ਦਰਜ ਕਰ ਲਈ ਗਈ ਹੈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ’ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਲੋਕਾਂ ਨੇ ਕਥਿਤ ਨਸ਼ਾ ਤਸਕਰਾਂ ਨੂੰ ਘੇਰ ਕੇ ਪੁਲਿਸ ਹਵਾਲੇ ਕੀਤਾ। ਐੱਸਐੱਚਓ ਪੰਕਜ ਕੁਮਾਰ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਅਪਰਾਧਕ ਅਨਸਰਾਂ ਵੱਲੋਂ ਖੁੱਲ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਹੈ ਤੇ ਵਿਰੋਧ ਕਰਨ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਗ੍ਰਾਮ ਪੰਚਾਇਤ ਊਧੋਵਾਲ ਨੇ ਮਜ਼ਦੂਰ ਤੇ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ’ਚ ਨਸ਼ਿਆਂ ਵਿਰੁੱਧ ਇਕ ਵੱਡਾ ਇਕੱਠ ਕੀਤਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਵੱਲੋਂ ਨਸ਼ਿਆਂ ਦੇ ਵਿਰੋਧ ’ਚ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਮਨਜ਼ੂਰੀ ਦਿੱਤੀ। ਮਤੇ ’ਚ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਨਸ਼ਾ ਵੇਚਣਾ ਛੱਡ ਦੇਣ ਨਹੀਂ ਤਾਂ ਪਿੰਡ ਵਾਸੀ ਆਪਣੀ ਜਵਾਨੀ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕਣਗੇ। ਇਸ ਮੌਕੇ ਪਿੰਡ ਦੀ ਸਰਪੰਚ ਅਨੂ ਪ੍ਰੇਮ, ਮਨਪ੍ਰੀਤ ਕੰਠ (ਪੰਚ), ਲਖਬੀਰ ਠੋਲੀ, ਬੀਬੀ ਰਾਜਵਿੰਦਰ ਕੌਰ (ਪੰਚ), ਲੰਬੜਦਾਰ ਪ੍ਰੇਮ ਸਿੰਘ, ਕਸ਼ਮੀਰ ਮੰਡਿਆਲਾ, ਕਿਰਤੀ ਕਿਸਾਨ ਯੂਨੀਅਨ ਦੀ ਆਗੂ ਮਨਜੀਤ ਕੌਰ, ਸੁਰਜੀਤ ਕੌਰ ਮਾਨ, ਪਰਮਜੀਤ ਕੌਰ, ਇਸਤਰੀ ਜਾਗਰਿਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ, ਨੌਜਵਾਨ ਭਾਰਤ ਸਭਾ ਦੇ ਆਗੂ ਸੁਖਦੇਵ ਸਿੰਘ, ਪਿੰਡ ਬੁਲੰਦਾ ਤੋਂ ਸਰਬਜੀਤ ਸਾਗਰ, ਸਾਬਕਾ ਸਰਪੰਚ ਰਾਜਵੀਰ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦਿਆਲ ਸਿੰਘ ਹਾਜ਼ਰ ਸਨ।