ਔਰਤ ਦਾ ਫੋਨ ਝਪਟਣ ਵਾਲੇ ਦੋ ਨੌਜਵਾਨ ਕਾਬੂ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ,
Publish Date: Fri, 13 Mar 2026 07:09 PM (IST)
Updated Date: Fri, 13 Mar 2026 07:12 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਛੇ ਦੀ ਪੁਲਿਸ ਨੇ ਪਿਛਲੇ ਦਿਨੀਂ ਹੋਈ ਮੋਬਾਈਲ ਲੁੱਟ ਦੀ ਵਾਰਦਾਤ ਨੂੰ ਹੱਲ ਕਰਦਿਆਂ ਇਸ ਮਾਮਲੇ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਮੋਬਾਈਲ ਤੇ ਵਾਰਦਾਤ ਵਿੱਚ ਵਰਤਿਆ ਗਿਆ ਸਕੂਟਰ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਸੂ ਸਹਿਗਲ ਵਾਸੀ ਕਿਲ੍ਹਾ ਮਹੱਲਾ ਨੇ ਅੱਠ ਮਾਰਚ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੇ ਸਕੂਟਰ ’ਤੇ ਮਾਤਾ ਮੋਨਿਕਾ ਸਹਿਗਲ ਨਾਲ ਗੁਰੂ ਰਵਿਦਾਸ ਮਹਾਰਾਜ ਚੌਕ ਤੋਂ ਵਡਾਲਾ ਚੌਕ ਵੱਲ ਜਾ ਰਿਹਾ ਸੀ। ਮਾਤਾ ਦੇ ਹੱਥ ’ਚ ਉਸ ਦਾ ਮੋਬਾਈਲ ਫੜਿਆ ਹੋਇਆ ਸੀ। ਇਸ ਦੌਰਾਨ ਪਿੱਛਿਓਂ ਐਕਟਿਵਾ ’ਤੇ ਆਏ ਦੋ ਨੌਜਵਾਨਾਂ ਨੇ ਮੋਬਾਈਲ ਫੋਨ ਝਪਟ ਲਿਆ ਤੇ ਮੌਕੇ ਤੋਂ ਫਰਾਰ ਹੋ ਗਿਆ। ਐੱਸਐੱਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਏਐੱਸਆਈ ਸੁਸ਼ੀਲ ਕੁਮਾਰ ਨੂੰ ਦਿੱਤੀ। ਜਾਂਚ ਦੌਰਾਨ ਏਐੱਸਆਈ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਪੁਲਿਸ ਵੱਲੋਂ ਸਕੂਟਰ ਦਾ ਨੰਬਰ ਪਤਾ ਲੱਗ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਦੋ ਮੁਲਜ਼ਮਾਂ ਸ਼ੁਭਮ ਵਾਸੀ ਅਵਤਾਰ ਨਗਰ ਤੇ ਸਤਿੰਦਰ ਕੁਮਾਰ ਵਾਸੀ ਨਿਊ ਸੁਰਾਜਗੰਜ ਭਾਰਗੋ ਕੈਂਪ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਹੋਇਆ ਮੋਬਾਈਲ ਤੇ ਵਾਰਦਾਤ ’ਚ ਵਰਤੀ ਗਈ ਉਨ੍ਹਾਂ ਦਾ ਸਕੂਟਰ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਨ੍ਹਾਂ ਖਿਲਾਫ ਇਸ ਤੋਂ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ। ਪੁਲਿਸ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਉਮੀਦ ਹੈ ਕਿ ਲੁੱਟਾਂ-ਖੋਹਾਂ ਦੀਆਂ ਕਈ ਵਾਰਦਾਤਾਂ ਹੋਰ ਹੱਲ ਹੋਣਗੀਆਂ।