ਹੈਰੋਇਨ ਦੀ ਸਪਲਾਈ ਦੇਣ ਆਈਆਂ ਦੋ ਔਰਤਾਂ ਕਾਬੂ
ਕਪੂਰਥਲਾ ਤੋਂ ਹੈਰੋਇਨ ਦੀ ਸਪਲਾਈ ਦੇਣ ਆਈਆ ਦੋ ਮਹਿਲਾਵਾਂ ਕਾਬੂ
Publish Date: Wed, 11 Feb 2026 09:00 PM (IST)
Updated Date: Wed, 11 Feb 2026 09:02 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਅੱਠ ਦੀ ਪੁਲਿਸ ਨੇ ਗਸ਼ਤ ਦੌਰਾਨ ਉਸ ਵੇਲੇ ਦੋ ਔਰਤਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਜਦ ਉਹ ਹੈਰੋਇਨ ਦੀ ਸਪਲਾਈ ਦੇਣ ਲਈ ਕਪੂਰਲਾ ਤੋਂ ਰੇੜੂ ਚੌਕ ’ਚ ਆਈਆਂ ਸਨ। ਥਾਣਾ ਮੁਖੀ ਇੰਸਪੈਕਟਰ ਸਾਹਿਲ ਚੋਧਰੀ ਨੇ ਦੱਸਿਆ ਕਿ ਏਐੱਸਆਈ ਵਿਜੇ ਕੁਮਾਰ ਪੁਲਿਸ ਪਾਰਟੀ ਸਮੇਤ ਰੇੜੂ ਗੇਟ ਵੱਲ ਗਸ਼ਤ ਕਰ ਰਹੇ ਸਨ ਕਿ ਦੋ ਔਰਤਾਂ ਜੋ ਕਿ ਪੈਦਲ ਚੌਕ ਤੋਂ ਆ ਰਹੀਆਂ ਸਨ ਨੇ ਜਦ ਪੁਲਿਸ ਪਾਰਟੀ ਦੇਖੀ ਤਾਂ ਇਕਦਮ ਘਬਰਾ ਗਈਆਂ। ਉਨ੍ਹਾਂ ਦੀਆਂ ਹਰਕਤਾਂ ਤੋਂ ਕੁਝ ਸ਼ੱਕ ਹੋਇਆ ਤੇ ਨਾਂ ਪੁੱਛਣ ਸੋਨੀਆ ਤੇ ਰਾਜ ਕੌਰ ਦੋਵੇਂ ਵਾਸੀ ਬੂਟਾਂ ਪਿੰਡ ਕਪੂਰਥਲਾ ਦੱਸਿਆ। ਜਦ ਉਨ੍ਹਾਂ ਨੂੰ ਜਲੰਧਰ ਆੳਣ ਦਾ ਮਕਸਦ ਪੁੱਛਿਆ ਗਿਆ ਤਾਂ ਉਹ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੀਆਂ। ਪੁਲਿਸ ਪਾਰਟੀ ਨੇ ਦੋਵਾਂ ਨੂੰ ਅਲੱਗ-ਅਲੱਗ ਕਰਕੇ ਜਦੋਂ ਸਵਾਲ ਪੁੱਛੇ ਤੇ ਦੋਵਾਂ ਦੇ ਬਿਆਨ ਆਪਸ ’ਚ ਮੇਲ ਨਹੀਂ ਖਾ ਰਹੇ ਸਨ। ਉਨ੍ਹਾਂ ਨੇ ਆਪਣੇ ਨਾਲ ਮੌਜੂਦ ਮਹਿਲਾ ਮੁਲਾਜ਼ਮ ਨੂੰ ਉਨ੍ਹਾਂ ਦੀ ਤਲਾਸ਼ੀ ਲੈਣ ਲਈ ਕਿਹਾ। ਤਲਾਸ਼ੀ ਦੌਰਾਨ ਦੋਵਾਂ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ ਤੇ ਇਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।