ਪਰਸ ’ਚੋਂ ਨਕਦੀ ਤੇ ਸੋਨੇ ਦੇ ਗਹਿਣੇ ਕੱਢੇ, ਮਾਮਲਾ ਦਰਜ
ਬੁਟੀਕ ’ਚ ਸੂਟ ਖਰੀਦਣ ਆਈਆਂ ਔਰਤਾਂ ਦੇ ਪਰਸ ’ਚੋਂ ਦੋ
Publish Date: Tue, 20 Jan 2026 06:38 PM (IST)
Updated Date: Tue, 20 Jan 2026 06:42 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਦੋ ਦੀ ਪੁਲਿਸ ਨੇ ਫੁੱਲਾਂ ਵਾਲੇ ਚੌਕ ’ਚ ਸਥਿਤ ਇਕ ਬੁਟੀਕ ’ਤੇ ਸੂਟ ਖਰੀਦਣ ਆਈਆਂ ਔਰਤਾਂ ਦੇ ਪਰਸ ’ਚੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਕੱਢ ਕੇ ਫਰਾਰ ਹੋਣ ਵਾਲੀਆਂ ਅਣਪਛਾਤੀ ਔਰਤਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਰਾਜਵਿੰਦਰ ਕੌਰ ਵਾਸੀ ਮੁਹੱਲਾ ਖੂਹ ਸ਼ੇਖਾਂਵਾਲਾ ਕਰਤਾਰਪੁਰ ਆਪਣੀ ਭਾਬੀ ਬਲਦੀਪ ਕੌਰ ਵਾਸੀ ਨਡਾਲਾ ਨਾਲ ਫੁੱਲਾਂ ਵਾਲੇ ਚੌਕ ’ਚ ਸਥਿਤ ਇਕ ਬੁਟੀਕ ’ਤੇ ਸੂਟ ਖਰੀਦਣ ਲਈ ਆਈਆਂ ਸਨ। ਜਦ ਦੋਵੇਂ ਸੂਟ ਖਰੀਦ ਰਹੇ ਸਨ ਤਾਂ ਇਸ ਦੌਰਾਨ ਦੋ ਔਰਤਾਂ ਅੰਦਰ ਆਈਆਂ ਤੇ ਸੂਟ ਖਰੀਦਣ ਦਾ ਨਾਟਕ ਕਰਨ ਲੱਗੀਆਂ। ਇਸ ਦੌਰਾਨ ਉਨ੍ਹਾਂ ਔਰਤਾਂ ਨੇ ਰਾਜਵਿੰਦਰ ਕੌਰ ਦੇ ਪਰਸ ’ਚੋਂ ਕਿਸੇ ਤਰ੍ਹਾਂ 20 ਹਜ਼ਾਰ ਰੁਪਏ ਨਕਦ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਤੇ ਬੁਟੀਕ ’ਚੋਂ ਚਲੀਆਂ ਗਈਆਂ। ਜਦ ਰਾਜਵਿੰਦਰ ਕੌਰ ਨੇ ਸੂਟ ਖਰੀਦਣ ਤੋਂ ਬਾਅਦ ਬੁਟੀਕ ਮਾਲਕ ਨੂੰ ਪੈਸੇ ਦੇਣ ਲਈ ਆਪਣੇ ਪਰਸ ’ਚ ਹੱਥ ਪਾਇਆ ਤਾਂ ਪਰਸ ਖਾਲੀ ਸੀ। ਰੌਲਾ ਪਾਉਣ ’ਤੇ ਜਦੋਂ ਤੱਕ ਦੁਕਾਨਦਾਰ ਬਾਜ਼ਾਰ ’ਚੋਂ ਨਿਕਲ ਕੇ ਫਰਾਰ ਹੋਈਆਂ ਔਰਤਾਂ ਨੂੰ ਲੱਭਣ ਲਈ ਬੁਟੀਕ ਤੋਂ ਨਿਕਲਿਆ ਉਦੋਂ ਤੱਕ ਉਹ ਔਰਤਾਂ ਗਾਇਬ ਹੋ ਗਈਆਂ। ਘਟਨਾ ਦੀ ਸੂਚਨਾ ਤੁਰੰਤ ਥਾਣਾ ਨੰਬਰ ਦੋ ਦੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਏਐੱਸਆਈ ਗੋਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਰਾਜਵਿੰਦਰ ਕੌਰ ਦੇ ਬਿਆਨਾਂ ’ਤੇ ਅਣਪਛਾਤੀਆਂ ਔਰਤਾਂ ਖਿਲਾਫ ਧਾਰਾ 303(3)3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ। ਉਮੀਦ ਹੈ ਕਿ ਜਲਦ ਹੀ ਉਨਾਂ ਔਰਤਾਂ ਨੂੰ ਕਾਬੂ ਕਰ ਲਿਆ ਜਾਵੇਗਾ।