ਹੈਰੋਇਨ ਦੀ ਸਪਲਾਈ ਦੇਣ ਆਏ ਦੋ ਤਸਕਰ ਫੜੇ
ਹੈਰੋਇਨ ਦੀ ਸਪਲਾਈ ਦੇਣ ਆਏ ਦੋ ਤਸਕਰ ਚੜੇ ਪੁਲਿਸ ਦੇ ਹੱਥੇ
Publish Date: Thu, 26 Feb 2026 06:42 PM (IST)
Updated Date: Thu, 26 Feb 2026 06:46 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਦੀ ਪੁਲਿਸ ਨੇ ਮੁਖਬਰ ਦੀ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਉਸ ਵੇਲੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ, ਜਦ ਉਹ ਹੈਰੋਇਨ ਦੀ ਸਪਲਾਈ ਦੇਣ ਲਈ ਇਲਾਕੇ ’ਚ ਘੁੰਮ ਰਹੇ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਪ੍ਰਵੀਨ ਕੁਮਾਰ ਇਲਾਕੇ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨਾਂ ਨੂੰ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਦੋ ਨਸ਼ਾ ਤਸਕਰ ਉਦੈ ਨਗਰ ’ਚ ਹੈਰੋਇਨ ਦੀ ਸਪਲਾਈ ਦੇਣ ਲਈ ਪਹੁੰਚ ਰਹੇ ਹਨ। ਇਸ ਵੇਲੇ ਦੋਵੇਂ ਉਥੇ ਖੜ੍ਹੇ ਹਨ ਤੇ ਗਾਹਕ ਦੀ ਉਡੀਕ ’ਚ ਹਨ। ਫੌਰੀ ਕਾਰਵਾਈ ਕਰਦੇ ਹੋਏ ਏਐੱਸਆਈ ਪ੍ਰਵੀਨ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਉਦੈ ਨਗਰ ’ਚ ਛਾਪਾਮਾਰੀ ਕੀਤੀ। ਜਦ ਉੱਥੇ ਖੜ੍ਹਏ ਦੋ ਨੌਜਵਾਨਾਂ ਨੇ ਪੁਲਿਸ ਪਾਰਟੀ ਦੇਖੀ ਤਾਂ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗੇ। ਮੁਸਤੈਦ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਕੇ ਜਦੋਂ ਨਾਂ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਰੋਹਿਤ ਉਰਫ ਭੰਗੀ ਵਾਸੀ ਆਬਾਦਪੁਰਾ ਤੇ ਨਵਜੋਤ ਸਿੰਘ ਉਰਫ ਨਵੀ ਵਾਸੀ ਸਟਾਫ ਕਾਲੋਨੀ ਸਿਵਲ ਹਸਪਤਾਲ ਜਲੰਧਰ ਦੱਸਿਆ। ਜਦੋਂ ਦੋਵਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 16 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।