ਅੱਧਾ ਕਿੱਲੋ ਹੈਰੋਇਨ ਸਮੇਤ ਦੋ ਕਾਬੂ
ਹੈਰੋਇਨ ਦੀ ਸਪਲਾਈ ਦੇਣ ਜਾਂਦੇ ਦੋ ਤਸਕਰ ਕਾਬੂ
Publish Date: Wed, 14 Jan 2026 06:30 PM (IST)
Updated Date: Wed, 14 Jan 2026 06:33 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸੈੱਲ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਏਡੀਸੀਪੀ ਅਮਰਬੀਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਮਨਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਤੇ ਨਾਕਾਬੰਦੀ ਦੌਰਾਨ ਪਿਮਸ ਹਸਪਤਾਲ ਲਾਗੇ ਮੌਜੂਦ ਸਨ। ਇਸ ਦੌਰਾਨ ਸਕੂਟਰ ਨੰਬਰ ਪੀਬੀ-08-ਈਐਕਸ-7224 ’ਤੇ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਦੋਂ ਪੁਲਿਸ ਪਾਰਟੀ ਲਾਗੇ ਆ ਕੇ ਦੋਵੇਂ ਨੌਜਵਾਨ ਰੁਕੇ ਤਾਂ ਸ਼ੱਕ ਹੋਇਆ। ਇੰਚਾਰਜ ਮਨਜਿੰਦਰ ਸਿੰਘ ਵੱਲੋਂ ਜਦੋਂ ਉਨ੍ਹਾਂ ਦਾ ਨਾਂ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਨਾਮ ਜੌਨ ਮੁਸਤਾਕ ਵਾਸੀ ਮੁਹੱਲਾ ਕੰਨਿਆਵਾਲੀ ਗੜ੍ਹਾ ਤੇ ਰਾਜੇਸ਼ ਦੁਗਲ ਉਰਫ ਬੌਬੀ ਵਾਸੀ ਵਰਿਆਮ ਨਗਰ ਕੁਲ ਰੋਡ ਜਲੰਧਰ ਦੱਸਿਆ। ਜਦੋਂ ਸਕੂਟਰ ਦੇ ਦਸਤਾਵੇਜ਼ ਮੰਗੇ ਤਾਂ ਉਹ ਆਨਾ-ਕਾਨੀ ਕਰਨ ਲੱਗ ਪਏ। ਜਦੋਂ ਸਕੂਟਰ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਇਕ ਪਲਾਸਟਿਕ ਦਾ ਲਿਫਾਫਾ ਮਿਲਿਆ, ਜਿਸ ’ਚੋਂ ਹੈਰੋਇਨ ਬਰਾਮਦ ਹੋਈ, ਜੋ ਅੱਧਾ ਕਿੱਲੋ ਸੀ, ਜਿਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਏਡੀਸੀਪੀ ਅਮਰਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਖਿਲਾਫ ਥਾਣਾ ਨੰਬਰ ਸੱਤ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਇਨ੍ਹਾਂ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਜੌਨ ਮੁਸਤਾਕ ਖਿਲਾਫ ਇਸ ਤੋਂ ਪਹਿਲਾਂ ਵੀ ਥਾਣਾ ਕੈਂਟ ’ਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਪੁਲਿਸ ਇਹਨਾਂ ਕੋਲੋਂ ਡੂੰਘਾਈ ਨਾਲ ਪੁੱਛਗਿਛ ਕਰਕੇ ਇਨ੍ਹਾਂ ਦੇ ਹੋਰ ਸਾਥੀਆਂ ਬਾਰੇ ਪਤਾ ਲਾ ਰਹੀ ਹੈ।