ਹੈਰੋਇਨ ਦੀ ਸਪਲਾਈ ਦੇਣ ਆਏ ਦੋ ਤਸਕਰ ਕਾਬੂ
ਤਰਨਤਾਰਨ ਤੋਂ ਹੈਰੋਇਨ ਦੀ ਸਪਲਾਈ ਦੇਣ ਆਏ ਦੋ ਤਸਕਰ ਕਾਬੂ
Publish Date: Fri, 24 Apr 2026 06:59 PM (IST)
Updated Date: Fri, 24 Apr 2026 07:01 PM (IST)

-800 ਗ੍ਰਾਮ ਹੈਰੋਇਨ ਬਰਾਮਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਉਸ ਵੇਲੇ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ, ਜਦੋਂ ਉਹ ਤਰਨਤਾਰਨ ਤੋਂ ਇਸਦੀ ਸਪਲਾਈ ਦੇਣ ਲਈ ਜਲੰਧਰ ਵੱਲ ਆ ਰਹੇ ਸਨ। ਡੀਸੀਪੀ ਮਨਪ੍ਰੀਤ ਸਿੰਘ ਢਿੱਲੋ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਤਰਨਤਾਰਨ ਤੋਂ ਦੋ ਨਸ਼ਾ ਤਸਕਰ ਹੈਰੋਇਨ ਦੀ ਸਪਲਾਈ ਦੇਣ ਲਈ ਬਸਤੀ ਬਾਵਾ ਖੇਲ ਇਲਾਕੇ ਤੋਂ ਇੱਕ ਗੱਡੀ ਵਿਚ ਆਉਣ ਵਾਲੇ ਹਨ। ਕਾਰਵਾਈ ਕਰਦੇ ਹੋਏ ਇੰਸਪੈਕਟਰ ਸਰਬਜੀਤ ਸਿੰਘ ਨੇ ਬਸਤੀ ਬਾਵਾ ਖੇਲ ਇਲਾਕੇ ’ਚ ਨਾਕਾਬੰਦੀ ਕਰਵਾ ਦਿੱਤੀ। ਇਸ ਦੌਰਾਨ ਬਰੇਜਾ ਗੱਡੀ ਨੰਬਰ ਪੀਬੀ 46 ਏਐੱਫ 3127 ਨੂੰ ਸ਼ੱਕ ਦੇ ਆਧਾਰ ’ਤੇ ਨਾਕੇ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਦ ਗੱਡੀ ਚਾਲਕ ਨੇ ਪੁਲਿਸ ਨਾਕਾ ਦੇਖਿਆ ਤਾਂ ਉਸ ਨੇ ਆਪਣੀ ਗੱਡੀ ਨਾਕੇ ਤੋਂ ਕੁਝ ਪਹਿਲਾਂ ਹੀ ਲਗਾ ਲਈ ਤੇ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਮੁਸਤੈਦ ਖੜ੍ਹੀ ਪੁਲਿਸ ਪਾਰਟੀ ਨੇ ਗੱਡੀ ਨੂੰ ਕਾਬੂ ਕਰ ਕੇ ਉਸ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਜਦ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਜਸਕਰਨ ਸਿੰਘ ਉਰਫ ਕਰਨ ਵਾਸੀ ਮਹੱਲਾ ਜਸਵੰਤ ਸਿੰਘ ਤਰਨਤਾਰਨ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਗੋਇੰਦਵਾਲ ਸਾਹਿਬ ਤਰਨਤਾਰਨ ਹਾਲ ਵਾਸੀ ਗਹਿਰੀ ਮੰਡੀ ਅੰਮ੍ਰਿਤਸਰ ਦੱਸਿਆ। ਜਦ ਗੱਡੀ ਦੀ ਤਲਾਸ਼ੀ ਲਈ ਤਾਂ ਡੈਸ਼ ਬੋਰਡ ਵਿੱਚੋਂ ਲਿਫਾਫਾ ਮਿਲਿਆ, ਜਿਸ ਵਿੱਚੋਂ ਪੁਲਿਸ ਪਾਰਟੀ ਨੂੰ ਹੈਰੋਇਨ ਬਰਾਮਦ ਹੋਈ, ਜੋ 800 ਗ੍ਰਾਮ ਨਿਕਲੀ। ਇਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੀਸੀਪੀ ਢਿੱਲੋਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖਿਲਾਫ ਥਾਣਾ ਬਸਤੀ ਬਾਵਾ ਖੇਲ ਵਿਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਅਦਾਲਤ ਵਿੱਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਨਸ਼ਾ ਤਸਕਰੀ ਨਾਲ ਜੁੜੇ ਹੋਏ ਹੋਰ ਵੀ ਨਸ਼ਾ ਤਸਕਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣਗੇ।