- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੈਵਲ ਏਜੰਸੀ ਤੇ ਲੁੱਟ ਕਰਨ ਵਾਲੇ ਦੋ ਲੁਟੇਰੇ ਕਾਬੂ

--ਲੁੱਟੀ ਹੋਈ ਨਕਦੀ ਦਾ ਕੁਝ ਹਿੱਸਾ ਤੇ ਵਾਰਦਾਤ ’ਚ ਵਰਤੀ ਐਕਟਿਵਾ ਬਰਾਮਦ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਦੋ ਦੀ ਪੁਲਿਸ ਨੇ ਬੁੱਧਵਾਰ ਦੁਪਹਿਰ ਹਰਨਾਮ ਦਾਸਪੁਰਾ ’ਚ ਸਥਿਤ ਇਕ ਟ੍ਰੈਵਲ ਏਜੰਸੀ ਦੇ ਦਫਤਰ ’ਚ ਮੌਜੂਦ ਇਕ ਲੜਕੀ ਦਾ ਮੂੰਹ ਬੰਦ ਕਰਕੇ ਦਫਤਰ ’ਚੋਂ ਨਕਦੀ ਲੁੱਟਣ ਦੇ ਮਾਮਲੇ ’ਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਲੁੱਟੀ ਹੋਈ ਨਗਦੀ ਦਾ ਕੁਝ ਹਿੱਸਾ ਤੇ ਵਾਰਦਾਤ ’ਚ ਵਰਤੀ ਗਈ ਐਕਟਿਵਾ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡੀਸੀਪੀ ਮਨਪ੍ਰੀਤ ਸਿੰਘ ਢਿੱਲੋ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਥਾਣਾ ਨੰਬਰ ਦੋ ਦੇ ਇਲਾਕੇ ’ਚ ਪੈਂਦੇ ਹਰਨਾਮਦਾਸਪੁਰਾ ’ਚ ਸਥਿਤ ਰਾਜਧਨ ਫੋਰੈਕਸ ਐਂਡ ਟ੍ਰੈਵਲਸ ਨਾਂ ਦੀ ਦੁਕਾਨ ਤੋਂ ਪੁਲਿਸ ਕੰਟਰੋਲ ਰੂਮ ’ਚ ਮੈਸੇਜ ਆਇਆ ਸੀ ਕਿ ਉਥੇ ਦੋ ਨੌਜਵਾਨ ਦੁਕਾਨ ’ਤੇ ਮੌਜੂਦ ਲੜਕੀ ਦਾ ਮੂੰਹ ਬੰਦ ਕਰਕੇ ਦੁਕਾਨ ਦੇ ਗੱਲੇ ’ਚੋਂ ਨਕਦੀ ਲੁੱਟ ਕੇ ਫਰਰ ਹੋ ਗਏ ਹਨ। ਇਸ ’ਤੇ ਤੁਰੰਤ ਏਸੀਪੀ ਸੈਂਟਰਲ ਅਜੇ ਸਿੰਘ, ਥਾਣਾ ਦੋ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਤੇ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਰਾਧਾ ਪੁੱਤਰੀ ਗਣੇਸ਼ ਥਾਪਾ ਵਾਸੀ ਗੋਪਾਲ ਨਗਰ ਨੇ ਦੱਸਿਆ ਕਿ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਉਹ ਦੁਕਾਨ ’ਤੇ ਬੈਠੀ ਹੋਈ ਸੀ। ਇਸ ਦੌਰਾਨ ਇਕ ਨੌਜਵਾਨ ਦੁਕਾਨ ’ਤੇ ਆਇਆ ਤੇ ਦਿੱਲੀ ਤੋਂ ਸ਼ਾਰਜਾਹ ਲਈ ਟਿਕਟ ਤੇ ਡਾਲਰ ਦਾ ਰੇਟ ਪੁੱਛਣ ਲੱਗ ਪਿਆ। ਇਸ ਤੋਂ ਬਾਅਦ ਇਕ ਹੋਰ ਨੌਜਵਾਨ ਵੀ ਦੁਕਾਨ ’ਤੇ ਆ ਗਿਆ, ਦੋਵਾਂ ਨੌਜਵਾਨਾਂ ਨੇ ਮੂੰਹ ’ਤੇ ਨਕਾਬ ਪਾਏ ਹੋਏ ਸਨ। ਕੁਝ ਸਮਾਂ ਗੱਲਬਾਤ ਕਰਨ ਤੋਂ ਬਾਅਦ ਇਕ ਨੌਜਵਾਨ ਉਸਦੇ ਪਿਛਲੇ ਪਾਸੇ ਆ ਗਿਆ ਤੇ ਉਸ ਦਾ ਮੂੰਹ ਬੰਦ ਕਰਕੇ ਗੱਲੇ ’ਚ ਪਏ ਇਕ ਲੱਖ 9 ਹਜ਼ਾਰ ਰੁਪਏ ਕੱਢ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਰਾਧਾ ਦੇ ਬਿਆਨਾਂ ’ਤੇ ਧਾਰਾ 309 3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਤੇ ਥਾਣਾ ਦੋ ਦੇ ਮੁਖੀ ਜਸਵਿੰਦਰ ਸਿੰਘ ਵੱਲੋਂ ਖੁਫੀਆ ਸਰੋਤਾਂ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕੁਝ ਘੰਟਿਆਂ ’ਚ ਇਸ ਮਾਮਲੇ ਦੇ ਦੋ ਮੁਲਜ਼ਮ ਗੁਰਦੀਪ ਸਿੰਘ ਵਾਸੀ ਨਿਜਾਤਮ ਨਗਰ ਤੇ ਅੰਮ੍ਰਿਤ ਪਾਲ ਸਿੰਘ ਵਾਸੀ ਮਿੱਠੂ ਬਸਤੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਕੁਝ ਨਕਦੀ ਤੇ ਵਾਰਦਾਤ ’ਚ ਵਰਤੀ ਗਈ ਐਕਟਿਵਾ ਵੀ ਬਰਾਮਦ ਕਰ ਲਈ ਹੈ। ਡੀਸੀਪੀ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਇਸ ਲੁੱਟ ਦੇ ਮਾਮਲੇ ’ਚ ਇਨ੍ਹਾਂ ਦਾ ਇਕ ਤੀਜਾ ਸਾਥੀ ਵੀ ਸੀ ਜੋ ਕਿ ਦੁਕਾਨ ਦੇ ਬਾਹਰ ਖੜ੍ਹਾ ਧਿਆਨ ਰੱਖ ਰਿਹਾ ਸੀ। ਉਸ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ ਤੇ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਪੁਲਿਸ ਇਨ੍ਹਾਂ ਕੋਲੋਂ ਪੁੱਛਗਿੱਛ ਲਈ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਰਹੀ ਹੈ।