ਆਵਾਰਾ ਕੁੱਤਿਆਂ ਨੂੰ ਲੈ ਕੇ ਦੋ ਧਿਰਾਂ ’ਚ ਕੁੱਟਮਾਰ
ਆਵਾਰਾ ਕੁੱਤਿਆਂ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ, ਗਲੀ ’ਚ ਹੋਈ ਕੁੱਟਮਾਰ
Publish Date: Tue, 24 Feb 2026 09:06 PM (IST)
Updated Date: Tue, 24 Feb 2026 09:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਉਜਾਲਾ ਨਗਰ ’ਚ ਆਵਾਰਾ ਘੁੰਮਣ ਵਾਲੇ ਕੁੱਤਿਆਂ ਨੂੰ ਲੈ ਕੇ ਇੱਕੋ ਗਲੀ ’ਚ ਰਹਿੰਦੇ ਦੋ ਧਿਰਾਂ ਵਿਚ ਝਗੜਾ ਹੋ ਗਿਆ। ਝਗੜੇ ਦੌਰਾਨ ਦੋਵੇ ਪਾਸਿਓਂ ਬੇਰਹਮੀ ਨਾਲ ਕੁੱਟਮਾਰ ਕੀਤੀ ਗਈ। ਇਹ ਘਟਨਾ ਗਲੀ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਦੋਵਾਂ ਧਿਰਾਂ ਵੱਲੋਂ ਥਾਣਾ ਨੰਬਰ ਪੰਜ ਦੀ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਸ਼ਿਕਾਇਤਾਂ ਮਿਲਣ ਤੋਂ ਬਾਅਦ ਪੁਲਿਸ ਜਾਂਚ ’ਚ ਜੁੱਟ ਗਈ ਹੈ। ਉਜਾਲਾ ਨਗਰ ਦੇ ਰਹਿਣ ਵਾਲੇ ਵਿਕਰਮ ਠਾਕੁਰ ਨੇ ਦੱਸਿਆ ਕਿ ਗਲੀ ’ਚ ਰਹਿਣ ਵਾਲਾ ਇਕ ਪਰਿਵਾਰ ਆਵਾਰਾ ਕੁੱਤਿਆਂ ਨੂੰ ਖਾਣਾ ਪਾਉਂਦਾ ਹੈ, ਜਿਸ ਕਾਰਨ ਜਦੋਂ ਵੀ ਕੋਈ ਗਲੀ ’ਚੋਂ ਲੰਘਦਾ ਹੈ ਤਾਂ ਕੁੱਤੇ ਉਸਨੂੰ ਵੱਢਣ ਲਈ ਦੌੜ ਪੈਂਦੇ ਹਨ। ਇਸ ਸਬੰਧੀ ਉਹ ਕਈ ਵਾਰ ਉਸ ਪਰਿਵਾਰ ਨੂੰ ਕਹਿ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਉਸਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਇਕ ਸਮਾਗਮ ਸੀ, ਜਿਸ ਕਾਰਨ ਕਈ ਰਿਸ਼ਤੇਦਾਰ ਆਏ ਹੋਏ ਸਨ। ਜਦੋਂ ਉਹ ਗਲੀ ’ਚੋਂ ਲੰਘ ਰਹੇ ਸਨ ਤਾਂ ਕੁੱਤਿਆਂ ਨੇ ਉਨ੍ਹਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ। ਇਸ ਗੱਲ ਦਾ ਵਿਰੋਧ ਕਰਨ ’ਤੇ ਕੁੱਤਿਆਂ ਦੀ ਦੇਖਭਾਲ ਕਰਨ ਵਾਲੀ ਪਲਕ ਦੇ ਭਰਾਵਾਂ ਨੇ ਉਸ ਨਾਲ ਕੁੱਟਮਾਰ ਕੀਤੀ। ਦੂਜੇ ਪਾਸੇ ਉਜਾਲਾ ਨਗਰ ਦੀ ਰਹਿਣ ਵਾਲੀ ਪਲਕ ਭਜਵਾ ਨੇ ਕਿਹਾ ਕਿ ਉਹ ਗਲੀ ਦੇ ਆਵਾਰਾ ਕੁੱਤਿਆਂ ਨੂੰ ਖਾਣਾ ਪਾਉਂਦੀ ਹੈ ਤੇ ਉਨ੍ਹਾਂ ਦੀ ਦੇਖਭਾਲ ਕਰਦੀ ਹੈ ਪਰ ਉਸ ਨਾਲ ਬਦਸਲੂਕੀ ਕੀਤੀ ਗਈ ਤੇ ਗਾਲ੍ਹਾਂ ਕੱਢੀਆਂ ਗਈਆਂ। ਕੁੱਤਿਆਂ ਨੂੰ ਜਾਣਬੁੱਝ ਕੇ ਮਸਲਾ ਬਣਾਇਆ ਜਾ ਰਿਹਾ ਹੈ। ਥਾਣਾ ਨੰਬਰ ਪੰਜ ਦੇ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਨੂੰ ਲੈ ਕੇ ਗਲੀ ’ਚ ਵਿਵਾਦ ਹੋਇਆ ਸੀ ਤੇ ਇਸ ਦੌਰਾਨ ਦੋਹਾਂ ਧਿਰਾਂ ’ਚ ਝਗੜਾ ਹੋ ਗਿਆ। ਦੋਹਾਂ ਪਾਸਿਆਂ ਵੱਲੋਂ ਲਿਖਤੀ ਸ਼ਿਕਾਇਤਾਂ ਮਿਲੀਆਂ ਹਨ। ਦੋਹਾਂ ਧਿਰਾਂ ਨੂੰ ਥਾਣੇ ’ਚ ਬੁਲਾਇਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।