ਦੋ ਮੋਟਰਸਾਈਕਲ ਸਵਾਰਾਂ ਨੇ ਦਾਤਰ ਦੇ ਜ਼ੋਰ ’ਤੇ ਲੁੱਟਿਆ ਵਪਾਰੀ
ਦੋ ਮੋਟਰਸਾਈਕਲ ਸਵਾਰਾਂ ਨੇ ਦਿਨ ਦਿਹਾੜੇ ਦਾਤਰ ਦੀ ਨੋਕ ’ਤੇ ਵਪਾਰੀ ਨੂੰ ਲੁੱਟਿਆ
Publish Date: Mon, 20 Apr 2026 08:46 PM (IST)
Updated Date: Mon, 20 Apr 2026 08:48 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਉੱਗੀ ਤੋਂ ਕੰਗ ਸਾਬੂ ਮੁੱਖ ਮਾਰਗ ਉੱਪਰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਜਿਨ੍ਹਾਂ ਨੇ ਮੂੰਹ ਬੰਨ੍ਹਏ ਹੋਏ ਸਨ, ਨੇ ਸਹਿਮ ਦੇ ਨਜ਼ਦੀਕ ਉੱਗੀ ਵੱਲੋਂ ਆ ਰਹੇ ਇਕ ਵਪਾਰੀ ਨੂੰ ਘੇਰ ਲਿਆ ਤੇ ਉਸ ਕੋਲੋਂ ਦਾਤਰ ਦੇ ਜ਼ੋਰ ’ਤੇ ਨਕਦੀ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਲੁੱਟ ਖੋਹ ਦੀ ਵਾਰਦਾਤ ਸਬੰਧੀ ਪੀੜਤ ਆਲੂ ਤੇ ਮੱਕੀ ਦੇ ਵਪਾਰੀ ਸੁਨਾਮ ਦਾਸ ਸੋਨਾ ਵਾਸੀ ਪਿੰਡ ਉੱਗੀ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ ਸਵੇਰੇ 10 ਵਜੇ ਦੇ ਕਰੀਬ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਉੱਗੀ ਤੋਂ ਲਾਂਬੜਾ ਵੱਲ ਨੂੰ ਜਾ ਰਿਹਾ ਸੀ ਤੇ ਜਦੋਂ ਉਹ ਰਸੂਲਪੁਰ ਤੋਂ ਅੱਗੇ ਸਹਿਮ ਦੇ ਨਜ਼ਦੀਕ ਪੁੱਜਾ ਤਾਂ ਅੱਗੇ ਕੱਚੇ ਰਸਤੇ ’ਤੇ ਖੜ੍ਹੇ ਦੋ ਮੋਟਰਸਾਈਕਲ ਸਵਾਰਾਂ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਨੇ ਦਾਤਰ ਦੇ ਜ਼ੋਰ ’ਤੇ ਘੇਰ ਲਿਆ ਅਤੇ ਡਰਾ ਧਮਕਾ ਕੇ ਇਕ ਮੋਬਾਈਲ ਤੇ ਜੋ ਉਸ ਦੀ ਜੇਬ ਵਿਚਲੀ 1700 ਦੇ ਕਰੀਬ ਨਕਦੀ ਸੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਇਕ ਤੀਸਰਾ ਸਾਥੀ ਵੀ ਸੀ ਜੋ ਅੱਗੇ ਖੜ੍ਹਾ ਸੀ। ਪੀੜਤ ਨੇ ਦੱਸਿਆ ਕਿ ਇਕ ਲੁਟੇਰੇ ਨੇ ਬੋਲਿਆ ਕਿ ਮੰਗੇ ਮਾਰ ਇਸ ਦੇ ਦਾਤਰ ਜੇ ਕੁਝ ਨਹੀਂ ਕੱਢਦਾ। ਉਸ ਨੇ ਦੱਸਿਆ ਕਿ ਲੁੱਟ-ਖੋਹ ਕਰਨ ਉਪਰੰਤ ਲੁਟੇਰੇ ਪਿੰਡ ਸਹਿਮ ਵੱਲ ਨੂੰ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਹ ਘਬਰਾਹਟ ’ਚ ਮੋਟਰਸਾਈਕਲ ਦਾ ਨੰਬਰ ਨਹੀਂ ਦੇਖ ਸਕਿਆ। ਇਸ ਲੁੱਟ-ਖੋਹ ਦੀ ਸੂਚਨਾ ਪੁਲਿਸ ਚੌਕੀ ਉੱਗੀ ਨੂੰ ਕਰ ਦਿੱਤੀ ਗਈ ਹੈ। ਵਰਨਣਯੋਗ ਹੈ ਕਿ ਕਾਫੀ ਦੇਰ ਠੱਲ੍ਹ ਪੈਣ ਉਪਰੰਤ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਮੁੜ ਤੋਂ ਸ਼ੁਰੂ ਹੋ ਗਿਆ ਹੈ ਕਿਉਂਕਿ ਲਿੰਕ ਰੋਡਾਂ ਦੇ ਉੱਪਰ ਮੱਕੀ ਦੀ ਫ਼ਸਲ ਆਕਾਰ ’ਚ ਕਾਫੀ ਵੱਡੀ ਹੋ ਗਈ ਹੈ ਤੇ ਲੁਟੇਰਿਆਂ ਨੂੰ ਵਾਰਦਾਤਾਂ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਦੇ ਮੱਦੇਨਜ਼ਰ ਪੁਲਿਸ ਨੂੰ ਆਪਣੀ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਕਿ ਆਮ ਲੋਕਾਂ ਨੂੰ ਸੁਰੱਖਿਆ ਮਿਲ ਸਕੇ। ਇਸ ਸਬੰਧੀ ਜਦੋਂ ਚੌਕੀ ਇੰਚਾਰਜ ਉੱਗੀ ਬੂਟਾ ਰਾਮ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ।