ਦੋ ਮਹੀਨਿਆਂ ਤੋਂ ਨਹੀਂ ਲੱਗਾ ਨਾਲੇ ਦਾ ਢੱਕਣ
ਨਵੀਂ ਬਣੀ ਗਲੀ ਨੂੰ ਦੋ ਮਹੀਨੇ ਬੀਤ ਗਏ, ਰੋੜ ਗਲੀ ਦਾ ਢੱਕਣ ਅਜੇ ਤੱਕ ਨਹੀਂ ਲਗਿਆ
Publish Date: Sat, 17 Jan 2026 08:40 PM (IST)
Updated Date: Sat, 17 Jan 2026 08:42 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਵਾਰਡ ਨੰਬਰ 17 ਅਧੀਨ ਆਉਂਦੀ ਜੈਨ ਕਾਲੋਨੀ (ਭੱਲਾ ਹਸਪਤਾਲ ਦੇ ਸਾਹਮਣੇ), ਕਪੂਰਥਲਾ ਰੋਡ ਨਕੋਦਰ ’ਚ ਲਗਪਗ ਦੋ ਮਹੀਨੇ ਪਹਿਲਾਂ ਇੰਟਰਲਾਕਿੰਗ ਟਾਈਲਾਂ ਲਗਾ ਕੇ ਗਲੀ ਦੀ ਤਿਆਰੀ ਕੀਤੀ ਗਈ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਗਲੀ ’ਚ ਪੈਂਦੇ ਇਕ ਰੋੜ (ਨਾਲੇ) ਦਾ ਢੱਕਣ ਨਹੀਂ ਲਾਇਆ ਗਿਆ। ਸਥਾਨਕ ਵਸਨੀਕਾਂ ਮੁਤਾਬਕ ਗਲੀ ਬਣਾਉਣ ਵਾਲੇ ਠੇਕੇਦਾਰ ਵੱਲੋਂ ਕੰਮ ਅਧੂਰਾ ਛੱਡ ਦਿੱਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਰਾਤ ਸਮੇਂ ਜਾਂ ਬੱਚਿਆਂ ਲਈ ਇਹ ਖੁੱਲ੍ਹਾ ਰੋੜ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਅਧਿਕਾਰੀ ਨਿਸ਼ਾਂਤ ਜੈਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਕਦੇ ਢੱਕਣ ਉਪਲੱਬਧ ਨਾ ਹੋਣ ’ਤੇ ਕਦੇ ਮਜ਼ਦੂਰ ਨਾ ਮਿਲਣ ਦੀ ਦਲੀਲ ਦਿੱਤੀ ਜਾਂਦੀ ਹੈ ਤੇ ਅੱਜ ਲੱਗ ਜਾਵੇਗਾ-ਕੱਲ੍ਹ ਲੱਗ ਜਾਵੇਗਾ ਕਹਿ ਕੇ ਗੱਲ ਟਾਲੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਇਕ ਢੱਕਣ ਨਾ ਲੱਗਣਾ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਕਿਸੇ ਅਣਚਾਹੇ ਹਾਦਸੇ ਤੋਂ ਪਹਿਲਾਂ ਤੁਰੰਤ ਰੋੜ ਗਲੀ ਦਾ ਢੱਕਣ ਲਾਇਆ ਜਾਵੇ ਤੇ ਜ਼ਿੰਮੇਵਾਰ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।