ਡਾਕਟਰ ਦੇ ਘਰ ਬਾਹਰ ਦੋ ਬਦਮਾਸ਼ਾਂ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ
ਡਾਕਟਰ ਦੇ ਘਰ ਦੇ ਬਾਹਰ ਦੋ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ
Publish Date: Sat, 28 Feb 2026 08:38 PM (IST)
Updated Date: Sat, 28 Feb 2026 08:40 PM (IST)

-ਮੌਕੇ ’ਤੇ ਬਣਾਈ ਵੀਡੀਓ, ਗਲੀ ’ਚ ਖੜ੍ਹੀ ਕਾਰ ਤੇ ਘਰ ’ਤੇ 10 ਤੋਂ 12 ਰਾਊਂਡ ਫਾਇਰ, ਪੁਲਿਸ ਜਾਂਚ ’ਚ ਜੁਟੀ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਸੰਤੋਖਪੁਰਾ ਇਲਾਕੇ ’ਚ ਸ਼ੁੱਕਰਵਾਰ ਦੇਰ ਰਾਤ ਦੋ ਬਦਮਾਸ਼ ਗਲੀ ’ਚ ਖੜ੍ਹੀ ਕਾਰ ਤੋਂ ਬਾਅਦ ਘਰ ’ਤੇ 10 ਤੋਂ 12 ਰਾਊਂਡ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗੋਲੀਬਾਰੀ ਦੀ ਇਹ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਪਰਿਵਾਰ ਨੇ ਗੋਲੀ ਚੱਲਣ ਦੀ ਸੂਚਨਾ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਦਿੱਤੀ ਤੇ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜ ਕੇ ਜਾਂਚ ’ਚ ਜੁਟ ਗਈ। ਸੰਤੋਖਪੁਰਾ ਦੇ ਰਹਿਣ ਵਾਲੇ ਡਾ. ਯਸ਼ਪਾਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਕਰੀਬ 1.40 ਵਜੇ ਪਰਿਵਾਰ ਸਮੇਤ ਘਰ ’ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਗਲੀ ’ਚ ਪਟਾਕਿਆਂ ਵਰਗੀ ਆਵਾਜ਼ ਸੁਣਾਈ ਦਿੱਤੀ। ਧੀ ਨੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇਕ ਨੌਜਵਾਨ ਘਰ ਦੇ ਬਾਹਰ ਗੋਲੀਆਂ ਚਲਾਉਂਦਾ ਦਿੱਸਿਆ ਤੇ ਫਾਇਰਿੰਗ ਕਰਨ ਤੋਂ ਬਾਅਦ ਸਾਥੀ ਨਾਲ ਭੱਜ ਗਿਆ। ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਤੇ ਨਾ ਹੀ ਕੋਈ ਧਮਕੀ ਮਿਲੀ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਗੋਲੀਆਂ ਕਿਉਂ ਚਲਾਈਆਂ ਗਈਆਂ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਲਾਕੇ ਦੇ ਕੌਂਸਲਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਕਰੀਬ 2 ਵਜੇ ਡਾਕਟਰ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਾਮਲਾ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ ਤੇ ਜਲਦੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਗਿਆ ਹੈ। ਡੀਸੀਪੀ ਮਨਪ੍ਰੀਤ ਢਿੱਲੋਂ ਨੇ ਕਿਹਾ ਕਿ ਸੂਚਨਾ ਮਿਲਦਿਆਂ ਹੀ ਟੀਮ ਮੌਕੇ ’ਤੇ ਪੁੱਜ ਗਈ ਸੀ। ਹੁਣ ਤੱਕ ਰੰਜਿਸ਼ ਜਾਂ ਫਿਰੌਤੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਕੁਝ ਅਹਿਮ ਸੁਬੂਤ ਮਿਲੇ ਹਨ ਤੇ ਜਲਦੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ------------------- ਬਿਨਾਂ ਨੰਬਰ ਵਾਲੀ ਬਾਈਕ ’ਤੇ ਆਏ ਸਨ ਦੋ ਨੌਜਵਾਨ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਦੋ ਨੌਜਵਾਨ ਬਿਨਾਂ ਨੰਬਰ ਦੀ ਬਾਈਕ ’ਤੇ ਆਏ ਸਨ। ਪਹਿਲਾਂ ਕਾਰ ’ਤੇ ਤਿੰਨ ਰਾਊਂਡ ਫਾਇਰ ਕੀਤੇ ਗਏ ਫਿਰ ਘਰ ਦੇ ਗੇਟ ਤੇ ਅੰਦਰ ਵੱਲ ਸੱਤ ਤੋਂ ਅੱਠ ਰਾਊਂਡ ਚਲਾਏ ਗਏ। ਦੂਜਾ ਸਾਥੀ ਬਾਈਕ ਸਟਾਰਟ ਕਰਕੇ ਖੜ੍ਹਾ ਸੀ ਤੇ ਫਾਇਰਿੰਗ ਦੀ ਵੀਡੀਓ ਬਣਾ ਰਿਹਾ ਸੀ। ਵਾਰਦਾਤ ਤੋਂ ਬਾਅਦ ਦੋਵੇਂ ਬਾਈਕ ’ਤੇ ਫਰਾਰ ਹੋ ਗਏ। ------------------- ਪੁਲਿਸ ਨੇ 100 ਤੋਂ ਵੱਧ ਸੀਸੀਟੀਵੀ ਕੈਮਰੇ ਖੰਘਾਲੇ ਫਾਇਰਿੰਗ ਤੋਂ ਬਾਅਦ ਮੁਲਜ਼ਮ ਸੰਤੋਖਪੁਰਾ ਰਾਹੀਂ ਹਾਈਵੇ ਵੱਲ ਨਿਕਲ ਗਏ। ਕੈਮਰਿਆਂ ’ਚ ਉਨ੍ਹਾਂ ਦੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਦਿੱਸੇ। ਪੁਲਿਸ ਨੇ ਤਿੰਨ ਟੀਮਾਂ ਬਣਾਈਆਂ ਹਨ ਸੀਆਈਏ ਸਟਾਫ, ਸਪੈਸ਼ਲ ਸਟਾਫ ਤੇ ਸਬੰਧਤ ਥਾਣੇ ਦੀ ਟੀਮ ਜੋ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ। ਦੇਰ ਸ਼ਾਮ ਤੱਕ 100 ਤੋਂ ਵੱਧ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ। ਪੁਲਿਸ ਦਾ ਦਾਅਵਾ ਹੈ ਕਿ ਅਹਿਮ ਸੁਰਾਗ ਮਿਲੇ ਹਨ ਤੇ ਜਲਦੀ ਗ੍ਰਿਫ਼ਤਾਰੀ ਹੋਵੇਗੀ।