ਸ਼ਹਿਰ ’ਚ ਅੱਜ ਨਿਕਲਣਗੇ ਦੋ ਮਾਰਚ, ਕਈ ਰੂਟ ਰਹਿਣਗੇ ਪ੍ਰਭਾਵਿਤ
ਸ਼ਹਿਰ ’ਚ ਅੱਜ ਨਿਕਲਣਗੇ ਦੋ ਮਾਰਚ, ਕਈ ਰੂਟ ਰਹਿਣਗੇ ਪ੍ਰਭਾਵਿਤ
Publish Date: Sun, 12 Apr 2026 10:22 PM (IST)
Updated Date: Mon, 13 Apr 2026 04:17 AM (IST)

- 13 ਅਪ੍ਰੈਲ ਨੂੰ ਨਿਕਲੇਗਾ ਵਿਸ਼ਾਲ ਖਾਲਸਾ ਮਾਰਚ, ਦੁਪਹਿਰ 3 ਵਜੇ ਨਿਕਲੇਗਾ ਚੇਤਨਾ ਮਾਰਚ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਡਾ. ਬੀਆਰ ਅੰਬੇਡਕਰ ਜੈਅੰਤੀ ਮੌਕੇ ਸ਼ਹਿਰ ’ਚ 13 ਅਪ੍ਰੈਲ ਨੂੰ ਦੋ ਮਾਰਚ ਕੱਢੇ ਜਾਣਗੇ। ਖ਼ਾਲਸਾ ਮਾਰਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਮਾਰਗਾਂ ਰਾਹੀਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ’ਚ ਸਮਾਪਤ ਹੋਵੇਗਾ। ਇਹ ਮਾਰਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਡਾ. ਬੀਆਰ ਅੰਬੇਡਕਰ ਜੈਅੰਤੀ ਸਬੰਧੀ ਇਸੇ ਰੂਟ ’ਤੇ ਚੇਤਨਾ ਮਾਰਚ ਵੀ ਨਿਕਲੇਗਾ। ਇਸ ਦੌਰਾਨ ਸ਼ਹਿਰ ਦੇ ਭੀੜ-ਭਾੜ ਵਾਲੇ ਚੌਕਾਂ ’ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣ ਸਕਦੀ ਹੈ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਦੁਪਹਿਰ ਬਾਅਦ ਇਨ੍ਹਾਂ ਰਾਹਾਂ ਤੋਂ ਬਚਣ ਤੇ ਬਦਲਵੇਂ ਮਾਰਗ ਵਰਤਣ ਦੀ ਸਲਾਹ ਦਿੱਤੀ ਹੈ। ਜਲੰਧਰ ’ਚ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ 13 ਅਪ੍ਰੈਲ 2026 (ਸੋਮਵਾਰ) ਨੂੰ ਦੁਪਹਿਰ 2 ਵਜੇ ਵਿਸ਼ਾਲ ਖ਼ਾਲਸਾ ਮਾਰਚ (ਨਗਰ ਕੀਰਤਨ) ਕੱਢਿਆ ਜਾਵੇਗਾ। ਇਹ ਸ਼ੋਭਾ ਯਾਤਰਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ, ਗੁਰੂ ਤੇਗ ਬਹਾਦਰ ਨਗਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਰਾਹੀਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ’ਚ ਸਮਾਪਤ ਹੋਵੇਗੀ। ਮਾਰਚ ਦਾ ਰੂਟ ਮਾਡਲ ਟਾਊਨ ਮਾਰਕੀਟ, ਗੁਰਦੁਆਰਾ ਸਾਹਿਬ ਮਾਡਲ ਟਾਊਨ, ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਸਕਾਈ ਲਾਰਕ ਚੌਕ, ਜੋਤੀ ਚੌਕ, ਬਸਤੀ ਅੱਡਾ, ਪਟੇਲ ਚੌਕ, ਗੁਰਦੁਆਰਾ ਰਾਮਗੜ੍ਹੀਆ, ਕਪੂਰਥਲਾ ਚੌਕ, ਡੇਰਾ ਸੰਤਗੜ੍ਹ, ਬਸਤੀ ਮਿੱਠੂ, ਆਦਰਸ਼ ਨਗਰ, ਜੇਪੀ ਨਗਰ ਅਤੇ 120 ਫੁੱਟੀ ਰੋਡ ਰਾਹੀਂ ਗੁਜ਼ਰੇਗਾ। ਸਮਾਪਤੀ ਸਥਾਨ ’ਤੇ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ ਅਤੇ ਗੁਰੂ ਦਾ ਅਟੁੱਟ ਲੰਗਰ ਲਗਾਤਾਰ ਚੱਲੇਗਾ। ਆਯੋਜਕਾਂ ਨੇ ਸੰਗਤ ਨੂੰ ਕੇਸਰੀ ਨਿਸ਼ਾਨ ਅਤੇ ਰਵਾਇਤੀ ਪਹਿਰਾਵੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ, ਜਦਕਿ ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਕਿੱਥੇ ਹੋ ਸਕਦੀ ਹੈ ਪਰੇਸ਼ਾਨੀ ਮਾਰਚ ਦੌਰਾਨ ਸਕਾਈਲਾਰਕ ਚੌਕ, ਜੋਤੀ ਚੌਕ, ਬਸਤੀ ਅੱਡਾ, ਕਪੂਰਥਲਾ ਚੌਕ ਅਤੇ 120 ਫੁੱਟੀ ਰੋਡ ਵਰਗੇ ਵਿਅਸਤ ਇਲਾਕਿਆਂ ਵਿੱਚ ਟ੍ਰੈਫਿਕ ਜਾਮ ਦੀ ਸਥਿਤੀ ਬਣ ਸਕਦੀ ਹੈ। ਇਨ੍ਹਾਂ ਥਾਵਾਂ ’ਤੇ ਵਾਹਨਾਂ ਦੀ ਲੰਮੀ ਲਾਈਨਾਂ ਲੱਗਣ ਦੀ ਸੰਭਾਵਨਾ ਹੈ, ਜਿਸ ਨਾਲ ਆਮ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਆ ਸਕਦੀ ਹੈ। ਕਿਹੜੇ ਰਾਹਾਂ ਤੋਂ ਬਚੋ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਦੁਪਹਿਰ 2 ਵਜੇ ਤੋਂ ਸ਼ਾਮ ਤੱਕ ਮਾਡਲ ਟਾਊਨ, ਜੋਤੀ ਚੌਕ, ਬਸਤੀ ਅੱਡਾ, ਕਪੂਰਥਲਾ ਚੌਕ ਅਤੇ ਬਸਤੀ ਸ਼ੇਖ ਵੱਲ ਜਾਣ ਵਾਲੇ ਰਾਹਾਂ ਦਾ ਇਸਤੇਮਾਲ ਨਾ ਕਰਨ। ਟ੍ਰੈਫਿਕ ਜਾਮ ਤੋਂ ਬਚਣ ਲਈ ਵਿਕਲਪਕ ਰਸਤੇ ਵਰਤਣ। ਜਲੰਧਰ ’ਚ 13-14 ਅਪ੍ਰੈਲ ਨੂੰ ਡਾ. ਅੰਬੇਡਕਰ ਜੈਅੰਤੀ ’ਤੇ ਖਾਸ ਪ੍ਰੋਗਰਾਮ ਜਲੰਧਰ ’ਚ ਭਾਰਤ ਰਤਨ ਡਾ. ਭੀਮਰਾਵ ਅੰਬੇਡਕਰ ਦੀ ਜੈਅੰਤੀ ਮੌਕੇ 13 ਤੇ 14 ਅਪ੍ਰੈਲ 2026 ਨੂੰ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਇਹ ਆਯੋਜਨ ਸ੍ਰੀ ਗੁਰੂ ਰਵਿਦਾਸ ਮੰਦਰ ਮੈਮੋਰੀਅਲ ਟਰੱਸਟ, ਸਿੱਧਾਰਥ ਨਗਰ, ਬੂਟਾ ਮੰਡੀ ਵੱਲੋਂ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 13 ਅਪ੍ਰੈਲ ਨੂੰ ਦੁਪਹਿਰ 3 ਵਜੇ ਚੇਤਨਾ ਮਾਰਚ ਨਿਕਲੇਗਾ, ਜੋ ਸ਼੍ਰੀ ਗੁਰੂ ਰਵਿਦਾਸ ਮੰਦਰ ਤੋਂ ਸ਼ੁਰੂ ਹੋ ਕੇ ਗੁਰੂ ਰਵਿਦਾਸ ਚੌਕ, ਡਾ. ਅੰਬੇਡਕਰ ਚੌਕ, ਭਗਵਾਨ ਵਾਲਮੀਕੀ ਚੌਕ, ਬਸਤੀ ਅੱਡਾ, ਫੁਟਬਾਲ ਚੌਕ, ਸਪੋਰਟਸ ਮਾਰਕੀਟ, ਵੀਰ ਬਬਰਿਕ ਚੌਕ ਰਾਹੀਂ ਮੁੜ ਗੁਰੂ ਰਵਿਦਾਸ ਚੌਕ ’ਤੇ ਸਮਾਪਤ ਹੋਵੇਗਾ। 14 ਅਪ੍ਰੈਲ ਨੂੰ ਦੁਪਹਿਰ 1 ਵਜੇ ਗੁਰੂ ਦਾ ਅਟੁੱਟ ਲੰਗਰ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਸ਼ਾਮ 8 ਵਜੇ ਮਿਸ਼ਨਰੀ ਪ੍ਰੋਗਰਾਮ ਹੋਵੇਗਾ, ਜੋ ਦੇਰ ਰਾਤ ਤੱਕ ਜਾਰੀ ਰਹੇਗਾ।