ਮੋਬਾਈਲ ਹੈਕ ਕਰ ਕੇ ਖਾਤੇ ’ਚੋਂ ਕੱਢੇ ਦੋ ਲੱਖ ਰੁਪਏ
-ਫਿਸ਼ਿੰਗ ਲਿੰਕ, ਓਟੀਪੀ ਇੰਟਰਸੈਪਟ
Publish Date: Thu, 16 Apr 2026 11:50 PM (IST)
Updated Date: Thu, 16 Apr 2026 11:54 PM (IST)
-ਫਿਸ਼ਿੰਗ ਲਿੰਕ, ਓਟੀਪੀ ਇੰਟਰਸੈਪਟ ਅਤੇ ਰਿਮੋਟ ਐਕਸੈਸ ਦੇ ਜ਼ਰੀਏ ਅਪਰਾਧੀਆਂ ਦਾ ਨਵਾਂ ਤਰੀਕਾ, ਜਾਣੋ ਕਿਵੇਂ ਬਚਣਾ ਹੈ
ਜਲੰਧਰ ਦੇ ਰਾਮਾ ਮੰਡੀ ਦੇ ਨਿਵਾਸੀ ਰਾਹੁਲ ਕੁਮਾਰ ਆਨਲਾਈਨ ਸ਼ਾਪਿੰਗ ਦੌਰਾਨ ਇਕ ਵੱਡੇ ਫਰਾਡ ਦਾ ਸ਼ਿਕਾਰ ਹੋ ਗਏ। ਸਸਤੇ ਡੀਲ ਅਤੇ ਆਕਰਸ਼ਕ ਆਫਰ ਦੇ ਲਾਲਚ ਵਿਚ ਉਨ੍ਹਾਂ ਇਕ ਸ਼ੱਕੀ ਵੈੱਬਸਾਈਟ ਜਾਂ ਲਿੰਕ 'ਤੇ ਕਲਿੱਕ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਫੋਨ ਹੈਕ ਹੋ ਗਿਆ। ਹੈਕਰਾਂ ਨੇ ਚਲਾਕੀ ਨਾਲ ਉਨ੍ਹਾਂ ਦੇ ਬੈਂਕਿੰਗ ਵੇਰਵੇ ਤੇ ਓਟੀਪੀ ਤੱਕ ਪਹੁੰਚ ਪ੍ਰਾਪਤ ਕਰ ਲਈ ਤੇ ਉਨ੍ਹਾਂ ਦੇ ਖਾਤੇ ਤੋਂ ਲਗਪਗ 2 ਲੱਖ ਰੁਪਏ ਕੱਢ ਲਏ। ਇਸ ਪੈਸੇ ਨਾਲ ਦੋਸ਼ੀਆਂ ਨੇ ਤਿੰਨ ਮਹਿੰਗੇ ਮੋਬਾਈਲ ਫੋਨ ਖਰੀਦੇ, ਜਿਨ੍ਹਾਂ ਦੀ ਡਲਿਵਰੀ ਜੈਪੁਰ ’ਚ ਸਿਰਫ 20 ਮਿੰਟਾਂ ਵਿਚ ਕਰਵਾ ਦਿੱਤੀ ਗਈ। ਇਹ ਮਾਮਲਾ ਸਿਰਫ ਇਕ ਵਿਅਕਤੀ ਤੱਕ ਸੀਮਤ ਨਹੀਂ ਹੈ, ਬਲਕਿ ਸੈਂਕੜੇ ਲੋਕ ਇਸ ਚੱਕਰ ’ਚ ਫਸ ਰਹੇ ਹਨ। ਪਿਛਲੇ ਛੇ ਮਹੀਨਿਆਂ ’ਚ ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਲਗਪਗ 70 ਲੋਕਾਂ ਨੇ ਸਾਈਬਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੇ ਮੋਬਾਈਲ ਕਿਸੇ ਵੀ ਆਨਲਾਈਨ ਖਰੀਦਦਾਰੀ ਵਿਚ ਕੋਈ ਲਿੰਕ ਖੋਲ੍ਹਣ 'ਤੇ ਹੈਕ ਹੋ ਗਏ ਤੇ ਉਨ੍ਹਾਂ ਦੇ ਪੈਸੇ ਜਾਂ ਉਨ੍ਹਾਂ ਦੇ ਪੈਸੇ ਨਾਲ ਹੋਈ ਹੋਰ ਖਰੀਦਦਾਰੀ ਹੋ ਰਹੀ ਹੈ। ਜਲੰਧਰ ਦੀ ਪੁਲਿਸ ਕਈ ਵਾਰੀ ਅਜਿਹੀ ਚਿਤਾਵਨੀ ਦੇ ਚੁੱਕੀ ਹੈ ਪਰ ਫਿਰ ਵੀ ਲੋਕ ਸਾਈਬਰ ਠੱਗਾਂ ਦੇ ਨੈੱਟਵਰਕ ’ਚ ਫਸ ਜਾਂਦੇ ਹਨ।
---
ਸਸਤੇ ਦੇ ਚੱਕਰ ’ਚ ਫ਼ਰਜ਼ੀ ਸਾਈਟ ’ਤੇ ਜਾ ਰਹੇ ਲੋਕ
ਸਾਈਬਰ ਠੱਗ ਅਜਿਹੇ ਲੋਕਾਂ ਦਾ ਫਾਇਦਾ ਉਠਾਉਂਦੇ ਹਨ, ਜੋ ਸਸਤੇ ਦੇ ਲਾਲਚ ਵਿਚ ਕਿਸੇ ਵੀ ਫਰਜੀ ਸਾਈਟ 'ਤੇ ਜਾ ਕੇ ਖਰੀਦਦਾਰੀ ਕਰਨ ਲੱਗਦੇ ਹਨ। ਸਸਤੇ ਆਫਰ ਤੇ ਭਾਰੀ ਡਿਸਕਾਊਂਟ ਦਾ ਲਾਲਚ ਲੋਕਾਂ ਨੂੰ ਲੁਭਾਉਂਦਾ ਹੈ। ਲੋਕ ਅਣਜਾਣ ਲਿੰਕ 'ਤੇ ਬਿਨਾਂ ਜਾਂਚ ਕਲਿੱਕ ਕਰਦੇ ਹਨ, ਜਿਸ ਨਾਲ ਠੱਗ ਹੋਰ ਵੀ ਆਕਰਸ਼ਕ ਯੋਜਨਾਵਾਂ ਦੇਣ ਲੱਗਦੇ ਹਨ, ਜੋ ਸੀਮਤ ਸਮੇਂ ਲਈ ਹੁੰਦੀਆਂ ਹਨ। ਆਫਰ ਦੇਖਦਿਆਂ ਹੀ ਲੋਕ ਕਾਹਲੀ ਵਿਚ ਖਰੀਦਦਾਰੀ ਕਰਦੇ ਹਨ ਅਤੇ ਵੈੱਬਸਾਈਟ ਦੀ ਜਾਂਚ ਨਹੀਂ ਕਰਦੇ। ਇਸ ਤੋਂ ਇਲਾਵਾ, ਆਪਣਾ ਓਟੀਪੀ ਜਾਂ ਬੈਂਕ ਵੇਰਵੇ ਸਾਂਝੇ ਕਰਨਾ ਵੀ ਗਲਤ ਹੈ। ਲੋਕ ਇੰਟਰਨੈੱਟ ਮੀਡੀਆ 'ਤੇ ਦਿਖਾਈ ਦੇਣ ਵਾਲੀਆਂ ਫੇਕ ਸਾਈਟਾਂ ਦੀ ਜਾਂਚ ਨਹੀਂ ਕਰਦੇ।
ਛੋਟੀ ਜਿਹੀ ਲਾਪਰਵਾਹੀ ਡਿਜੀਟਲ ਦੁਨੀਆ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਭਾਰੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਜਾਗਰੂਕਤਾ ਤੇ ਸਾਵਧਾਨੀ ਹੀ ਸਾਇਬਰ ਠੱਗੀ ਤੋਂ ਬਚਣ ਦਾ ਸਭ ਤੋਂ ਵੱਡਾ ਹਥਿਆਰ ਹੈ। ਕਿਸੇ ਨਾਲ ਓਟੀਪੀ ਸਾਂਝਾ ਨਾ ਕਰੋ, ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਲਈ ਭਰੋਸੇਮੰਦ ਸਾਈਟ 'ਤੇ ਹੀ ਜਾਓ। ਅਜਿਹਾ ਕਰਨ ਨਾਲ ਨਾ ਸਿਰਫ ਸਾਇਬਰ ਠੱਗੀ ਤੋਂ ਬਚਿਆ ਜਾ ਸਕਦਾ ਹੈ।