ਖੁਰਾਕ ਸਪਲਾਈ ਵਿਭਾਗ ਦੇ ਦੋ ਇੰਸਪੈਕਟਰ ਮੁਅੱਤਲ
ਖੁਰਾਕ ਸਪਲਾਈ ਵਿਭਾਗ ਦੇ ਦੋ ਇੰਸਪੈਕਟਰ ਮੁਅੱਤਲ, ਖੁਰਾਕ ਸਪਲਾਈ ਵਿਭਾਗ ਸਵਾਲਾਂ ਦੇ ਘੇਰੇ ’ਚ
Publish Date: Mon, 16 Mar 2026 10:56 PM (IST)
Updated Date: Mon, 16 Mar 2026 10:58 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਖੁਰਾਕ ਸਪਲਾਈ ਵਿਭਾਗ ਨੇ ਕਰਤਾਰਪੁਰ ’ਚ ਤਾਇਨਾਤ ਦੋ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਇੰਸਪੈਕਟਰਾਂ ’ਚ ਇੰਸਪੈਕਟਰ ਅਨਿਲ ਤੇ ਪ੍ਰਵੀਨ ਸੱਲ੍ਹਣ ਸ਼ਾਮਲ ਹਨ। ਜ਼ਿਲ੍ਹਾ ਖੁਰਾਕ ਕੰਟਰੋਲਰ ਨਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਤੇ ਜੇਐੱਸ ਫਾਰਮ ’ਚ ਗਬਨ ਕੀਤੀ ਕਣਕ ਨੂੰ ਬਚਾਉਣ ’ਚ ਲਾਪਰਵਾਹੀ ਦਾ ਦੋਸ਼ ਹੈ। ਮਕਸੂਦਾਂ ਥਾਣੇ ਦੀ ਪੁਲਿਸ ਨੇ ਜੇਐੱਸ ਫਾਰਮ ਦੇ ਮਾਲਕ ਉਪਕਾਰ ਸਿੰਘ ਹੋਠੀ ਵਿਰੁੱਧ ਕੇਸ ਦਰਜ ਕੀਤਾ ਸੀ। ਦੋਸ਼ ਸੀ ਕਿ ਹੋਠੀ ਦੇ ਗੁਦਾਮ ’ਚ ਕਰੋੜਾਂ ਰੁਪਏ ਦੀ ਕਣਕ ਖਰਾਬ ਹੋ ਗਈ ਸੀ ਤੇ ਜਦੋਂ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਪੁੱਜੇ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਪੁਲਿਸ ਨੇ ਪਹਿਲਾਂ ਇੰਸਪੈਕਟਰ ਪ੍ਰਵੀਨ ਸੱਲ੍ਹਣ ਦੇ ਬਿਆਨਾਂ ਦੇ ਆਧਾਰ ਤੇ ਹੋਠੀ ਵਿਰੁੱਧ ਕੇਸ ਦਰਜ ਕੀਤਾ ਸੀ ਪਰ ਵਿਭਾਗ ਨੇ ਹੁਣ ਦੋਵਾਂ ਇੰਸਪੈਕਟਰਾਂ ਨੂੰ ਦੋਸ਼ੀ ਠਹਿਰਾਇਆ ਹੈ। ਇੰਸਪੈਕਟਰਾਂ ਤੇ ਲਾਪਰਵਾਹੀ ਦਾ ਦੋਸ਼ ਹੈ। ਜਿਸ ਕਾਰਨ ਫੂਡ ਸਪਲਾਈ ਵਿਭਾਗ ਦੇ ਦੋ ਇੰਸਪੈਕਟਰਾਂ ਨੂੰ ਮੁਅਤਲ ਕਰ ਦਿੱਤਾ। -------------------- ਖੁਰਾਕ ਸਪਲਾਈ ਵਿਭਾਗ ਸਵਾਲਾਂ ਦੇ ਘੇਰੇ ’ਚ ਇਸ ਪੂਰੇ ਮਾਮਲੇ ਨੂੰ ਲੈ ਕੇ ਖੁਰਾਕ ਸਪਲਾਈ ਵਿਭਾਗ ਵਿਵਾਦਾਂ ’ਚ ਘਿਰਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਨਗਰੇਨ ਨੇ ਜੇਐੱਸ ਫਾਰਮ ਨਾਲ ਲਿਖਤੀ ਸਮਝੌਤਾ ਨਹੀਂ ਕੀਤਾ ਤੇ ਲਗਭਗ 11 ਮਹੀਨਿਆਂ ਤੋਂ ਕਿਰਾਇਆ ਨਹੀਂ ਦਿੱਤਾ ਹੈ। ਫਾਰਮ ਦੀ ਇਕੱਲੀ ਜ਼ਿੰਮੇਵਾਰੀ ਜਗ੍ਹਾ ਪ੍ਰਦਾਨ ਕਰਨਾ ਹੈ। ਵਿਭਾਗ ਕਣਕ ਦੀ ਦੇਖਭਾਲ ਤੇ ਸੁਰੱਖਿਆ ਲਈ ਜ਼ਿੰਮੇਵਾਰ ਹੈ। ਵਿਭਾਗ ਨੇ ਫਾਰਮ ਤੇ ਸੁਰੱਖਿਆ ਪ੍ਰਦਾਨ ਕੀਤੀ ਪਰ ਇਸਦੀ ਦੇਖਭਾਲ ਨੂੰ ਯਕੀਨੀ ਨਹੀਂ ਬਣਾਇਆ। ਇਸ ਕਾਰਨ ਕਣਕ ਖਰਾਬ ਹੋ ਗਈ। ਜਿਸ ਕਾਰਨ ਫੂਡ ਸਪਲਾਈ ਵਿਭਾਗ ਨੇ ਦੋਵਾਂ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ।