ਧੁੰਦ ਕਾਰਨ ਵਾਪਰੇ ਵੱਖ-ਵੱਖ ਹਾਦਸਿਆਂ ’ਚ ਦੋ ਜ਼ਖ਼ਮੀ
ਪਠਾਨਕੋਟ ਹਾਈਵੇ ’ਤੇ ਧੁੰਦ ਕਾਰਨ ਵਾਪਰੇ ਵੱਖ-ਵੱਖ ਹਾਦਸਿਆ ’ਚ ਦੋ ਜ਼ਖ਼ਮੀ
Publish Date: Tue, 13 Jan 2026 06:56 PM (IST)
Updated Date: Tue, 13 Jan 2026 06:57 PM (IST)

-ਸੋਮਵਾਰ ਦੇਰ ਰਾਤ ਧੁੰਦ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ’ਤੇ ਜਾ ਚੜ੍ਹੀ -ਮੰਗਲਵਾਰ ਦੁਪਹਿਰੇ ਖੜ੍ਹੇ ਟਰੱਕ ’ਚ ਵੱਜੀ ਐਕਟਿਵਾ, ਦੋ ਔਰਤਾਂ ਹੋਈਆ ਜ਼ਖ਼ਮੀ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ : ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸੰਘਣੀ ਧੁੰਦ ਕਾਰਨ ਵਾਪਰੇ ਦੋ ਵੱਖ-ਵੱਖ ਹਾਦਸਿਆਂ ’ਚ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਜਦੋਂਕਿ ਵਾਹਨ ਵੀ ਨੁਕਸਾਨੇ ਗਏ। ਪਹਿਲੀ ਘਟਨਾ ਸੋਮਵਾਰ ਦੇਰ ਰਾਤ ਦੀ ਹੈ, ਜਦਕਿ ਦੂਜੀ ਘਟਨਾ ਮੰਗਲਵਾਰ ਦੁਪਹਿਰ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਡਾ ਬਿਆਸ ਪਿੰਡ ਨਜ਼ਦੀਕ ਸੋਮਵਾਰ ਦੇਰ ਰਾਤ ਸੰਘਣੀ ਧੁੰਦ ਹੋਣ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ’ਤੇ ਜਾ ਚੜ੍ਹੀ ਤੇ ਨੁਕਸਾਨੀ ਗਈ ਹਾਲਾਂਕਿ ਚਾਲਕ ਵਾਲ-ਵਾਲ ਬਚ ਗਿਆ। ਚਾਲਕ ਦੀ ਪਛਾਣ ਅੰਕਿਤ ਪੁੱਤਰ ਰਾਮ ਸਿੰਘ ਵਾਸੀ ਉੱਤਮ ਵਾਲਾ ਯਮੁਨਾ ਨਗਰ ਹਰਿਆਣਾ ਵਜੋਂ ਹੋਈ ਹੈ। ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਘਟਨਾ ਸੋਮਵਾਰ ਰਾਤ 10 ਵਜੇ ਵਾਪਰੀ ਸੀ। ਕਾਰ ਚਾਲਕ ਅੰਕਿਤ ਪਠਾਨਕੋਟ ਤੋਂ ਜਲੰਧਰ ਜਾ ਰਿਹਾ ਸੀ। ਸੰਘਣੀ ਧੁੰਦ ਹੋਣ ਕਾਰਨ ਚਾਲਕ ਨੂੰ ਡਿਵਾਈਡਰ ਦਿਖਾਈ ਨਹੀਂ ਦਿੱਤਾ ਤੇ ਕਾਰ ਡਿਵਾਈਡਰ ਉੱਪਰ ਜਾ ਚੜ੍ਹੀ। ਕਾਰ ਦਾ ਅਗਲਾ ਟਾਇਰ ਫਟ ਗਿਆ ਤੇ ਅਲਾਏਵ੍ਹੀਲ ਵੀ ਟੁੱਟ ਗਿਆ। ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਰਿਕਵਰੀ ਵੈਨ ਦੀ ਮਦਦ ਰਾਹੀਂ ਨੁਕਸਾਨੀ ਕਾਰ ਟੋਅ ਕਰਕੇ ਜਲੰਧਰ ਭੇਜ ਦਿੱਤੀ ਗਈ। ਦੂਜੇ ਹਾਦਸਾ ਹਾਈਵੇ ’ਤੇ ਪੈਂਦੇ ਪਿੰਡ ਗੜ੍ਹੀ ਬਖਸ਼ਾ ਮੋੜ ਦੇ ਕੋਲ ਵਾਪਰਿਆ, ਜਿਸ ਵਿਚ ਐਕਟਿਵਾ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ। ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਘਟਨਾ ਮੰਗਲਵਾਰ ਦੁਪਹਿਰ ਉਸ ਵੇਲੇ ਵਾਪਰੀ ਜਦੋਂ ਦੋ ਔਰਤਾਂ ਐਕਟਿਵਾ ’ਤੇ ਜਲੰਧਰ ਨੂੰ ਜਾ ਰਹੀਆਂ ਸਨ ਤਾਂ ਖੜ੍ਹੇ ਟਰੱਕ ’ਚ ਜਾ ਵੱਜੀਆਂ। ਸੂਚਨਾ ਉਪਰੰਤ ਮੌਕੇ ’ਤੇ ਪਹੁੰਚੀ ਟੀਮ ਵੱਲੋਂ ਜ਼ਖ਼ਮੀਆਂ ਨੂੰ ਫਸਟ ਏਡ ਦੇਣ ਉਪਰੰਤ ਪ੍ਰਾਈਵੇਟ ਐਂਬੂਲੈਂਸ ਰਾਹੀਂ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਐੱਸਐੱਸ ਫੋਰਸ ਵੱਲੋਂ ਇਸ ਹਾਦਸੇ ਸਬੰਧੀ ਜ਼ਖਮੀ ਔਰਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤੇ ਉਨ੍ਹਾਂ ਦਾ ਸਾਮਾਨ ਮੌਕੇ ’ਤੇ ਪਹੁੰਚੇ ਪਰਿਵਾਰਕ ਮੈਂਬਰਾਂ ਹਵਾਲੇ ਕੀਤਾ ਗਿਆ। ਹਾਦਸੇ ਦੀ ਸੂਚਨਾ ਲਾਹਦੜਾ ਚੌਕੀ ਦੇ ਇੰਚਾਰਜ ਸਰਬਜੀਤ ਸਿੰਘ ਨੂੰ ਦਿੱਤੀ ਗਈ।