ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਤੇ ਸਕੂਟਰ ਚੋਰੀ
ਦੋ ਪਈਆ ਵਾਹਨ ਚੋਰੀ ਦੀਆਂ ਘਟਨਾਵਾਂ ਨਾਲ ਸ਼ਹਿਰ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ
Publish Date: Wed, 14 Jan 2026 06:45 PM (IST)
Updated Date: Wed, 14 Jan 2026 06:48 PM (IST)

ਦੋਪਹੀਆ ਵਾਹਨ ਚੋਰੀ ਦੀਆਂ ਘਟਨਾਵਾਂ ਨਾਲ ਸ਼ਹਿਰ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਦੋ ਪਈਆ ਵਾਹਨ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਪਰ ਪੁਲਿਸ ਇਨ੍ਹਾਂ ਚੋਰਾਂ ਨੂੰ ਫੜਨ ’ਚ ਬਿਲਕੁਲ ਫੇਲ੍ਹ ਸਾਬਤ ਹੋ ਰਹੀ ਹੈ, ਜਿਸ ਕਾਰਨ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਬੀਤੇ ਦਿਨੀਂ ਥਾਣਾ ਨੰਬਰ ਤਿੰਨ ਤੇ ਥਾਣਾ ਬਾਰਾਦਰੀ ਦੇ ਇਲਾਕੇ ’ਚ ਇਕ ਐਕਟਿਵਾ ਤੇ ਇਕ ਮੋਟਰਸਾਈਕਲ ਚੋਰੀ ਹੋ ਗਿਆ। ਪੁਲਿਸ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਨੀਤ ਖੰਨਾ ਵਾਸੀ ਕ੍ਰਿਸ਼ਨ ਨਗਰ ਮੰਡੀ ਰੋਡ ਨੇ ਰੋਜ਼ ਵਾਂਗ ਆਪਣਾ ਮੋਟਰਸਾਈਕਲ ਨੰਬਰ ਪੀਬੀ-08-ਏਐੱਕਸ-6273 ਆਪਣੇ ਘਰ ਦੇ ਬਾਹਰ ਖੜ੍ਹਾ ਕੀਤਾ ਸੀ। ਜਦੋਂ ਕੁਝ ਸਮਾਂ ਬਾਅਦ ਉਹ ਕਿਤੇ ਕੰਮ ਲਈ ਜਾਣ ਲਈ ਬਾਹਰ ਆਇਆ ਤਾਂ ਮੋਟਰਸਾਈਕਲ ਗਾਇਬ ਸੀ। ਉਸਨੇ ਆਪਣਾ ਮੋਟਰਸਾਈਕਲ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਸ ’ਚ ਕਾਮਯਾਬ ਨਹੀਂ ਹੋਇਆ। ਚੋਰੀ ਦੀ ਘਟਨਾ ਦੀ ਸ਼ਿਕਾਇਤ ਥਾਣਾ ਨੰਬਰ ਤਿੰਨ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਸੋਨੀਆ ਵਾਸੀ ਕੈਂਟ ਕਿਸੇ ਕੰਮ ਲਈ ਨਾਮਦੇਵ ਚੌਕ ’ਚ ਆਪਣੇ ਸਕੂਟਰ ਨੰਬਰ ਪੀਬੀ-08-ਡੀਏ-5644 ’ਤੇ ਗਈ ਸੀ। ਉਸਨੇ ਸਕੂਟਰ ਇਕ ਦੁਕਾਨ ਦੇ ਬਾਹਰ ਖੜ੍ਹਾ ਕੀਤਾ ਤੇ ਆਪ ਖੁਦ ਅੰਦਰ ਚਲੀ ਗਈ। ਜਦੋਂ ਕੁਝ ਮਿੰਟਾਂ ਬਾਅਦ ਹੀ ਉਹ ਵਾਪਸ ਪਰਤੀ ਤਾਂ ਸਕੂਟਰ ਗਾਇਬ ਸੀ। ਉਸ ਨੇ ਇਸ ਦੀ ਸ਼ਿਕਾਇਤ ਤੁਰੰਤ ਪੁਲਿਸ ਕੰਟਰੋਲ ਰੂਮ ’ਚ ਦਿੱਤੀ। ਜਿਸ ਤੋਂ ਬਾਅਦ ਥਾਣਾ ਬਾਰਾਦਰੀ ਦੇ ਏਐੱਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਸੋਨੀਆ ਦੇ ਬਿਆਨ ਦਰਜ ਕਰਕੇ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰ ਦਿੱਤਾ। ਪੁਲਿਸ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ।