ਅਫੀਮ ਤੇ ਡਰੱਗ ਮਨੀ ਸਮੇਤ ਦੋ ਨਸ਼ਾ ਤਸਕਰ ਕਾਬੂ
ਅਫੀਮ ਤੇ ਡਰੱਗ ਮਨੀ ਸਮੇਤ ਦੋ ਨਸ਼ਾ ਤਸਕਰ ਕਾਬੂ
Publish Date: Thu, 19 Mar 2026 09:56 PM (IST)
Updated Date: Thu, 19 Mar 2026 09:58 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕਰਾਈਮ ਬਰਾਂਚ ਦੀ ਟੀਮ ਨੇ ਗਸ਼ਤ ਦੌਰਾਨ ਗੱਡੀ ’ਚ ਸਵਾਰ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਅਫੀਮ ਤੇ ਡਰਗ ਮਨੀ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਏਐੱਸਆਈ ਮੰਗਤ ਸਿੰਘ ਪੁਲਿਸ ਪਾਰਟੀ ਸਮੇਤ ਕੈਂਟ ਤੋਂ ਸੁਭਾਨਾ ਰੋਡ ਵੱਲ ਗਸ਼ਤ ਕਰ ਰਹੇ ਸਨ। ਜਦ ਉਹ ਸੁਭਾਨਾ ਪਿੰਡ ਲਾਗੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੰਬਰ ਪੀਬੀ-10-ਕੇਏ-0452 ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਕਾਰ ਸਵਾਰ ਦੋ ਵਿਅਕਤੀਆਂ ਕੋਲੋਂ ਨਾਂ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਰਿੰਕੂ ਵਾਸੀ ਕੈਲਾਸ਼ ਨਗਰ ਬਸਤੀ ਯੋਧੇਵਾਲ ਲੁਧਿਆਣਾ ਤੇ ਜਸਵੰਤ ਸਿੰਘ ਉਰਫ ਜੱਸਾ ਵਾਸੀ ਪਿੰਡ ਹਰੀਪੁਰ ਖਾਲਸਾ ਫਿਲੌਰ ਜ਼ਿਲ੍ਹਾ ਜਲੰਧਰ ਦੱਸਿਆ। ਜਦੋਂ ਪੁਲਿਸ ਪਾਰਟੀ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਇਕ ਲੱਖ ਰੁਪਏ ਦੀ ਨਕਦੀ ਤੇ ਅਫੀਮ ਮਿਲੀ, ਜਿਸ ਦਾ ਵਜਨ ਕਰਨ ’ਤੇ ਉਹ ਇਕ ਕਿੱਲੋ 400 ਗ੍ਰਾਮ ਨਿਕਲੀ। ਇਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਖਿਲਾਫ ਥਾਣਾ ਸੱਤ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਪ੍ਰਾਈਵੇਟ ਕੰਮ ਕਰਦੇ ਹਨ ਤੇ ਇਸੇ ਦੀ ਆੜ ’ਚ ਉਹ ਨਸ਼ਾ ਤਸਕਰੀ ਦਾ ਧੰਦਾ ਵੀ ਕਰ ਰਹੇ ਹਨ। ਫਿਲਹਾਲ ਪੁਲਿਸ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।