ਹੈਰੋਇਨ ਦੀ ਖੇਪ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ
ਹੈਰੋਇਨ ਦੀ ਖੇਪ ਸਮੇਤ ਦੋ ਨਸ਼ਾ ਤਸਕਰ ਗ੍ਰਿਫਤਾਰ
Publish Date: Wed, 11 Mar 2026 10:55 PM (IST)
Updated Date: Wed, 11 Mar 2026 10:57 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਐਂਟੀ ਨਾਰਕੋਟਿਕਸ ਟਾਸਕ ਫੋਰਸ, ਜਲੰਧਰ ਦੀ ਟੀਮ ਨੇ ਹੈਰੋਇਨ ਸਮੇਤ ਦੋ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਕੇ ਉਨਾਂ ਕੋਲੋਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਏਐੱਨਟੀਐੱਫ਼ ਦੇ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੱਤੀ ਕਿ ਡੀਐੱਸਪੀ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਸੰਜੀਵ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਫਗਵਾੜਾ ਰੋਡ ’ਤੇ ਸਥਿਤ ਪਰਾਗਪੁਰ ਸਾਈਡ ਵੱਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੋਟਰਸਾਈਕਲ ਨੰਬਰ ਪੀਬੀ-02-ਡੀਈ-743 ’ਤੇ ਆ ਰਹੇ ਦੋ ਨੌਜਵਾਨਾਂ ਨੇ ਜਦ ਪੁਲਿਸ ਨਾਕਾ ਦੇਖਿਆ ਤਾਂ ਆਪਣਾ ਮੋਟਰਸਾਈਕਲ ਰੋਕ ਲਿਆ ਤੇ ਪਿੱਛੇ ਦੀ ਮੁੜਨ ਲੱਗੇ। ਇਸ ਦੌਰਾਨ ਦੋਵੇਂ ਹੇਠਾਂ ਡਿੱਗ ਪਏ। ਜਿਸ ’ਤੇ ਮੁਸਤੈਦ ਖੜੀ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰਕੇ ਜਦ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਆਪਣਾ ਨਾਂ ਜਸਕਰਨ ਸਿੰਘ ਵਾਸੀ ਪਿੰਡ ਮੁਛਲ ਅੰਮ੍ਰਿਤਸਰ ਤੇ ਜਗਜੀਤ ਸਿੰਘ ਵਾਸੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਦੱਸਿਆ। ਜਦ ਉਨ੍ਹਾਂ ਕੋਲੋਂ ਪਿੱਛੇ ਮੁੜਨ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ। ਸ਼ੱਕ ਦੇ ਆਧਾਰ ’ਤੇ ਜਦ ਪੁਲਿਸ ਪਾਰਟੀ ਵੱਲੋਂ ਮੋਢੇ ’ਤੇ ਟੰਗੇ ਹੋਏ ਪਿੱਠੂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ ਕਰਨ ਤੇ ਉਹ ਇਕ ਕਿੱਲੋ 564 ਗ੍ਰਾਮ ਨਿਕਲੀ। ਇਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਏਆਈਜੀ ਸਰੋਆ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮਾ ਖ਼ਿਲਾਫ਼ ਥਾਣਾ ਏਐੱਨਟੀਐੱਫ਼, ਐੱਸਏਐੱਸ ਨਗਰ (ਮੋਹਾਲੀ), ਵਿਖੇ ਮੁਕੱਦਮਾ ਦਰਜ ਕਰਕੇ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਉਨਾ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਉਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।