ਦੋ ਨਸ਼ਾ ਤਸਕਰ 33 ਪਾਬੰਦੀਸ਼ੁਦਾ ਗੋਲੀਆਂ ਸਮੇਤ ਗ੍ਰਿਫ਼ਤਾਰ
ਦੋ ਨਸ਼ਾ ਤਸਕਰ 33 ਪਾਬੰਦੀਸ਼ੁਦਾ ਗੋਲੀਆਂ ਸਮੇਤ ਗ੍ਰਿਫਤਾਰ
Publish Date: Wed, 15 Apr 2026 09:24 PM (IST)
Updated Date: Wed, 15 Apr 2026 09:27 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਭੋਗਪੁਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 33 ਪਾਬੰਦੀਸ਼ੁਦਾ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਵਨੀਤ ਅਹਿਲਵਤ (ਆਈਪੀਐੱਸ), ਪੁਲਿਸ ਕਪਤਾਨ (ਇੰਵੈਸਟੀਗੇਸ਼ਨ) ਤੇ ਰਾਜੀਵ ਕੁਮਾਰ (ਪੀਪੀਐੱਸ), ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜੇਸ਼ ਕੁਮਾਰ ਅਰੋੜਾ (ਐੱਸਐੱਚਓ) ਦੀ ਅਗਵਾਈ ’ਚ ਪੁਲਿਸ ਟੀਮ ਨੇ ਕਾਰਵਾਈ ਕੀਤੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਏਐੱਸਆਈ ਕਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਟੀਮ ਸਰਕਾਰੀ ਸਕੂਲ ਨੇੜੇ ਪੁੱਜੀ ਤਾਂ ਕੱਚੇ ਰਸਤੇ ’ਤੇ ਬੈਠੇ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਏ ਤੇ ਮੋਮੀ ਲਿਫਾਫੇ ਸੁੱਟ ਦਿੱਤੇ। ਸ਼ੱਕ ਦੇ ਆਧਾਰ ’ਤੇ ਦੋਵਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਉਰਫ਼ ਵਿੱਕੀ ਤੇ ਸੁਖਰਾਜ ਸਿੰਘ ਉਰਫ਼ ਰਾਜਾ ਵਜੋਂ ਹੋਈ ਹੈ, ਜੋ ਕਿ ਮੁਰਾਦਪੁਰ ਨਰਿਆਲਾ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਰਹਿਣ ਵਾਲੇ ਹਨ। ਬਲਜੀਤ ਸਿੰਘ ਵੱਲੋਂ ਸੁੱਟੇ ਲਿਫਾਫੇ ’ਚੋਂ 15 ਤੇ ਸੁਖਰਾਜ ਸਿੰਘ ਵੱਲੋਂ ਸੁੱਟੇ ਲਿਫਾਫੇ ’ਚੋਂ 18 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ਾ ਕਿੱਥੋਂ ਲਿਆਉਂਦੇ ਸਨ ਤੇ ਕਿਸ ਨੂੰ ਸਪਲਾਈ ਕਰਦੇ ਸਨ। ਇਸ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਹ ਖੁਦ ਵੀ ਨਸ਼ੇ ਦੇ ਆਦੀ ਹਨ ਜਾਂ ਨਹੀਂ। ਪੁਲਿਸ ਵੱਲੋਂ ਮੁਲਜ਼ਮਾਂ ਦੀ ਆਮਦਨ ਦੇ ਸਰੋਤ ਤੇ ਨਸ਼ੇ ਤੋਂ ਬਣਾਈ ਗਈ ਜਾਇਦਾਦ ਦੀ ਵੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।