ਹੱਤਿਆ ਮਾਮਲੇ ’ਚ ਦੋ ਮੁਲਜ਼ਮ ਬਰੀ
-ਲਾਂਬੜਾ ਥਾਣੇ ਵਿਚ 25
Publish Date: Sat, 21 Feb 2026 11:49 PM (IST)
Updated Date: Sat, 21 Feb 2026 11:51 PM (IST)
-ਲਾਂਬੜਾ ਥਾਣੇ ਵਿਚ 25 ਜੁਲਾਈ 2022 ਨੂੰ ਦਰਜ ਹੋਇਆ ਸੀ ਮਾਮਲਾ
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਦੀ ਅਦਾਲਤ ਨੇ ਸਾਲ 2022 ਦੇ ਪ੍ਰਸਿੱਧ ਹੱਤਿਆ ਮਾਮਲੇ ਵਿਚ ਫੈਸਲਾ ਸੁਣਾਉਂਦਿਆਂ ਦੋ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਸਬੂਤਾਂ ਦੀ ਕਮੀ ਕਾਰਨ ਅਵਤਾਰ ਨਗਰ ਦੇ ਮਨੋਜ ਵਰਮਾ ਤੇ ਪਿੰਡ ਰਘੂਪੁਰ, ਬਿਹਾਰ (ਮੌਜੂਦਾ ਨਿਵਾਸੀ ਰਾਮਦਾਸ ਨਗਰ, ਬਸਤੀ ਬਾਵਾ ਖੇਲ, ਜਲੰਧਰ) ਦੇ ਰਹਿਣ ਵਾਲੇ ਸੋਨੂੰ ਨੂੰ ਬਰੀ ਕਰ ਦਿੱਤਾ। ਇਹ ਮਾਮਲਾ 25 ਜੁਲਾਈ 2022 ਨੂੰ ਥਾਣਾ ਲਾਂਬੜਾ ਵਿਚ ਦਰਜ ਕੀਤਾ ਗਿਆ ਸੀ। ਸ਼ਿਕਾਇਤ ਪਿੰਡ ਚਿੱਟੀ ਦੇ ਸਾਬਕਾ ਸਰਪੰਚ ਤੀਰਥ ਰਾਮ ਨੇ ਦਿੱਤੀ ਸੀ। ਆਪਣੇ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਲੱਲ੍ਹੀਆਂ ਖੁਰਦ ਰੋਡ ’ਤੇ ਟਹਿਲਣ ਗਏ ਸਨ। ਸਵੇਰੇ ਕਰੀਬ 8:15 ਵਜੇ, ਸਰੀਂਹ ਜਠੇਰਿਆਂ ਦੇ ਨੇੜੇ ਝੋਨੇ ਦੇ ਖੇਤਾਂ ਕੰਢੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੋਈ ਦੇਖੀ। ਉਨ੍ਹਾਂ ਤੁਰੰਤ ਪਿੰਡ ਦੇ ਹੋਰ ਲੋਕਾਂ ਨੂੰ ਬੁਲਾਇਆ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਤੀਰਥ ਰਾਮ ਨੇ ਦੱਸਿਆ ਕਿ ਲਾਸ਼ ਦੀ ਸਥਿਤੀ ਦੇਖ ਕੇ ਇੰਝ ਪ੍ਰਤੀਤ ਹੁੰਦਾ ਸੀ ਕਿ ਕਿਸੇ ਅਣਪਛਾਤੇ ਨੇ ਹੱਤਿਆ ਕਰ ਕੇ ਲਾਸ਼ ਉਥੇ ਸੁੱਟ ਦਿੱਤੀ ਹੈ। ਜਾਣਕਾਰੀ ਮਿਲਣ ’ਤੇ ਥਾਣਾ ਲਾਂਬੜਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਮਨੋਜ ਵਰਮਾ ਤੇ ਸੋਨੂੰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕੀਤਾ। ਅਦਾਲਤ ’ਚ ਸ਼ਿਕਾਇਤ ਕਰਨ ਵਾਲੀ ਧਿਰ ਸਬੂਤ ਪੇਸ਼ ਕਰਨ ’ਚ ਅਸਫਲ ਰਹੀ ਕਿ ਉਕਤ ਲੋਕਾਂ ਨੇ ਹੱਤਿਆ ਕੀਤੀ ਹੈ। ਇਸੇ ਆਧਾਰ 'ਤੇ ਦੋਵੇਂ ਮੁਲਜ਼ਮਾਂ ਨੂੰ ਖ਼ਦਸ਼ੇ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਗਿਆ।