ਸੀਟੀ ਗਰੁੱਪ ’ਚ ਦਸਤਾਰ ਬੰਨ੍ਹਣ ਦਾ ਮੁਕਾਬਲਾ ਕਰਵਾਇਆ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ’ਤੇ ਸੀਟੀ ਗਰੁੱਪ ’ਚ ਦਸਤਾਰ ਬੰਨ੍ਹਣ ਦਾ ਮੁਕਾਬਲਾ
Publish Date: Sun, 22 Mar 2026 09:01 PM (IST)
Updated Date: Sun, 22 Mar 2026 09:04 PM (IST)
- ਸੰਸਕਾਰ, ਸੱਭਿਆਚਾਰ ਤੇ ਦੇਸ਼ਭਗਤੀ ਦਾ ਸੁਚੱਜਾ ਮਿਲਾਪ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ ’ਚ ਦਸਤਾਰ ਬੰਨ੍ਹਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮਕਸਦ ਸਿੱਖ ਦਸਤਾਰ ਨਾਲ ਜੁੜੀ ਸੱਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਨਾ ਤੇ ਵਿਦਿਆਰਥੀਆਂ ’ਚ ਆਪਣੀ ਵਿਰਾਸਤ ਲਈ ਮਾਣ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੁਕਾਬਲੇ ’ਚ 30 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ। ਉਨ੍ਹਾਂ ਨੇ ਮੋਰਣੀ, ਪਟਿਆਲਾ ਸ਼ਾਹੀ, ਵੱਟਾ ਵਾਲੀ ਤੇ ਪੂੰਸ਼ਣੀ ਵਰਗੇ ਰਵਾਇਤੀ ਅੰਦਾਜ਼ਾਂ ’ਚ ਦਸਤਾਰ ਬੰਨ੍ਹਣ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਤੇਜ਼ੀ, ਸਹੀ ਤਰੀਕਾ ਤੇ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਇਸ ਮੁਕਾਬਲੇ ਦਾ ਨਤੀਜਾ ਟਰਬਨ ਅਕੈਡਮੀ ਦੀ ਟੀਮ ਚਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਭਾਗੀਦਾਰਾਂ ਨੂੰ ਤਕਨੀਕ, ਅੰਦਾਜ਼ ਤੇ ਕੁੱਲ ਪੇਸ਼ਕਾਰੀ ਦੇ ਆਧਾਰ ’ਤੇ ਅੰਕ ਦਿੱਤੇ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਸ਼ਿਵ ਕੁਮਾਰ, ਡਾਇਰੈਕਟਰ ਅਕੈਡਮਿਕ ਆਪ੍ਰੇਸ਼ਨਜ਼ ਡਾ. ਸੰਗਰਾਮ ਸਿੰਘ, ਡੀਨ ਸਟੂਡੈਂਟ ਵੈੱਲਫੇਅਰ ਡਾ. ਅਰਜਨ ਸਿੰਘ ਤੇ ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਪ੍ਰਿੰਸੀਪਲ ਦਿਵੋਯ ਛਾਬੜਾ ਮੌਜੂਦ ਸਨ। ਉਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪ੍ਰੋਗਰਾਮ ਸੱਭਿਆਚਾਰਕ ਜਾਗਰੂਕਤਾ ਵਧਾਉਣ ਤੇ ਭਗਤ ਸਿੰਘ ਦੀ ਵਿਰਾਸਤ ਨੂੰ ਸਲਾਮ ਕਰਨ ਦਾ ਇਕ ਮਾਧਿਅਮ ਹੈ। ਮੁਕਾਬਲੇ ਦੇ ਅਖੀਰ ’ਚ ਸੁਖਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ 3100 ਦਾ ਇਨਾਮ ਜਿੱਤਿਆ। ਮਨਜਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ 2100 ਜਿੱਤੇ, ਜਦਕਿ ਪ੍ਰਭਜੀਤ ਸਿੰਘ ਤੀਜੇ ਸਥਾਨ ’ਤੇ ਰਹੇ ਤੇ ਉਨ੍ਹਾਂ ਨੂੰ 1100 ਨਾਲ ਸਨਮਾਨਿਤ ਕੀਤਾ ਗਿਆ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਮੌਕੇ ਮਹਿਮਾਨਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਤੇ ਸਮਾਜ ’ਚ ਸਕਾਰਾਤਮਕ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਇਹ ਸਮਾਗਮ ਦੇਸ਼ਭਗਤੀ ਦੇ ਜਜ਼ਬੇ ਨਾਲ ਸਮਾਪਤ ਹੋਇਆ, ਜੋ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਆਦਰਸ਼ਾਂ ਨੂੰ ਜੀਵੰਤ ਕਰਦਾ ਹੈ।