ਬੇਕਾਬੂ ਟਰੱਕ ਪਲਟਣ ਕਾਰਨ ਡਰਾਈਵਰ ਜ਼ਖ਼ਮੀ
ਟਰੱਕ ਬੇਕਾਬੂ ਹੋ ਕੇ ਪਲਟਿਆ ਚਾਲਕ ਜ਼ਖਮੀ ਹਸਪਤਾਲ ਵਿਖੇ ਦਾਖਲ
Publish Date: Fri, 02 Jan 2026 07:29 PM (IST)
Updated Date: Fri, 02 Jan 2026 07:32 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਕਾਲਾ ਬੱਕਰਾ ਵਿਖੇ ਇਕ ਟਰੱਕ ਸਿਵਲ ਹਸਪਤਾਲ ਕਾਲਾ ਬੱਕਰਾ ਦੇ ਸਾਹਮਣੇ ਬੇਕਾਬੂ ਹੋ ਕੇ ਡਿਵਾਈਡਰ ’ਤੇ ਜਾ ਪਲਟਿਆ ਜਿਸ ਵਿਚ ਟਰੱਕ ਚਾਲਕ ਗੰਭੀਰ ਜ਼ਖਮੀ ਹੋ ਗਿਆ। ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪੁੱਜੀ ਤਾਂ ਹਾਦਸੇ ਸਬੰਧੀ ਜਾਣਕਾਰੀ ਇਕੱਤਰ ਕੀਤੀ।
ਮੌਕੇ ’ਤੇ ਪੁੱਜੀ ਐੱਸਐੱਸ ਫੋਰਸ ਦੇ ਟੀਮ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ 09:30 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਜਾ ਕੇ ਦੇਖਿਆ ਤਾਂ ਇਕ ਟਰੱਕ ਨੰਬਰ ਪੀਬੀ 06 ਵੀ 9776 ਜਿਸ ਨੂੰ ਪ੍ਰਦੀਪ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਕਠੂਆ ਜੰਮੂ ਚਲਾ ਰਿਹਾ ਸੀ ਤੇਉਹ ਜਲੰਧਰ ਤੋਂ ਭੋਗਪੁਰ ਵੱਲ ਜਾ ਰਿਹਾ ਸੀ। ਜਦੋਂ ਕਾਲਾ ਬੱਕਰਾ ਸਿਵਲ ਹਸਪਤਾਲ ਦੇ ਸਾਹਮਣੇ ਪੁੱਜਾ ਤਾਂ ਸਰਵਿਸ ਰੋਡ ’ਤੇ ਬੇਕਾਬੂ ਹੋ ਕੇ ਜਾ ਪਲਟਿਆ। ਇਸ ਕਾਰਨ ਟਰੱਕ ਚਾਲਕ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਮੌਕੇ ’ਤੇ ਇਕੱਤਰ ਹੋਏ ਸਥਾਨਕ ਲੋਕਾਂ ਵੱਲੋਂ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਐੱਸਐੱਸ ਫੋਰਸ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਜ਼ਖ਼ਮੀ ਹੋਏ ਟਰੱਕ ਚਾਲਕ ਦੀ ਹਾਲਤ ਬਾਰੇ ਜਾਇਜ਼ਾ ਲਿਆ ਤੇ ਸਰਵਿਸ ਰੋਡ ਪਲਟੇ ਹੋਏ ਟਰੱਕ ਨੂੰ ਇਕ ਪਾਸੇ ਕਰਵਾ ਕੇ ਮੇਨ ਰੋਡ ਦੇ ਉੱਪਰ ਆਵਾਜਾਈ ਸੁਚਾਰੂ ਢੰਗ ਨਾਲ ਚਾਲੂ ਕਰਵਾਈ।