ਕੌਮੀ ਸ਼ਾਹ ਮਾਰਗ ’ਤੇ ਟਰੱਕ, ਕਾਰ ਤੇ ਆਟੋ ਟਕਰਾਏ
ਟਰੱਕ, ਕਾਰ ਤੇ ਈ-ਰਿਕਸ਼ਾ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
Publish Date: Tue, 10 Mar 2026 06:43 PM (IST)
Updated Date: Tue, 10 Mar 2026 06:45 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਅੱਡਾ ਕਾਲਾ ਬੱਕਰਾ ਨੇੜੇ ਟਰੱਕ, ਕਾਰ ਤੇ ਈ-ਰਿਕਸ਼ਾ ਵਿਚਕਾਰ ਟੱਕਰ ਹੋ ਗਈ। ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਨੂੰ ਕਾਫ਼ੀ ਨੁਕਸਾਨ ਪੁੱਜਾ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਰਾਹਗੀਰਾਂ ਵੱਲੋਂ ਦਿੱਤੀ ਸੂਚਨਾ ’ਤੇ ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਟੀਮ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਟਰੱਕ ਨੰਬਰ ਪੀਬੀ-10-ਬੀਵਾਈ-3734, ਜਿਸ ਨੂੰ ਮਿੱਠਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹਮੀਰਗੜ੍ਹ (ਜ਼ਿਲ੍ਹਾ ਬਠਿੰਡਾ) ਚਲਾ ਰਿਹਾ ਸੀ, ਕਾਰ ਨੰਬਰ ਪੀਬੀ-01-ਐੱਫ-0861, ਜਿਸ ਨੂੰ ਦਿਲਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਅਜੀਤ ਨਗਰ ਜਲੰਧਰ ਚਲਾ ਰਿਹਾ ਸੀ, ਤੇ ਈ-ਰਿਕਸ਼ਾ ਨੰਬਰ ਪੀਬੀ-08-ਐੱਫਐੱਸ-8987, ਜਿਸ ਨੂੰ ਅਮਨਦੀਪ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਅਲੀ ਮੁਹੱਲਾ, ਜੀਟੀ ਰੋਡ ਜਲੰਧਰ ਚਲਾ ਰਿਹਾ ਸੀ, ਆਪਸ ’ਚ ਟਕਰਾ ਗਏ। ਤਿੰਨੇ ਵਾਹਨ ਜਲੰਧਰ ਤੋਂ ਭੋਗਪੁਰ ਵੱਲ ਜਾ ਰਹੇ ਸਨ, ਜਦੋਂ ਅੱਡਾ ਕਾਲਾ ਬੱਕਰਾ ਨੇੜੇ ਇਹ ਹਾਦਸਾ ਵਾਪਰਿਆ। ਟੱਕਰ ਕਾਰਨ ਵਾਹਨਾਂ ਨੂੰ ਨੁਕਸਾਨ ਪੁੱਜਾ ਪਰ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ। ਐੱਸਐੱਸਐੱਫ ਦੀ ਟੀਮ ਵੱਲੋਂ ਮਾਮਲੇ ਦੀ ਜਾਣਕਾਰੀ ਚੌਕੀ ਲਾਹਦੜਾ ਨੂੰ ਦਿੱਤੀ ਗਈ। ਇਸ ਉਪਰੰਤ ਹੈਡ ਕਾਂਸਟੇਬਲ ਜ਼ੋਰਾ ਸਿੰਘ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਹਾਦਸੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।