ਸ਼ਹੀਦਾਂ ਦੀ ਕੁਰਬਾਨੀ ਸਾਡੀ ਜ਼ਿੰਦਗੀ ਲਈ ਪ੍ਰੇਰਣਾ : ਡਾ. ਨਵਜੋਤ
ਸ਼ਹੀਦ ਦਿਵਸ ਮੌਕੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ
Publish Date: Mon, 23 Mar 2026 08:09 PM (IST)
Updated Date: Mon, 23 Mar 2026 08:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦ ਦਿਵਸ ਦੇ ਮੌਕੇ ’ਤੇ ਲਾਡੋਵਾਲੀ ਰੋਡ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ’ਚ ਮਹਾਨ ਕ੍ਰਾਂਤੀਕਾਰੀਆਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਕਾਲਜ ਦੇ ਓਐੱਸਡੀ ਡਾ. ਨਵਜੋਤ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਸਟਾਫ ਤੇ ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਕੀਤਾ। ਡਾ. ਨਵਜੋਤ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਿਰਫ਼ ਇਤਿਹਾਸ ਦਾ ਹਿੱਸਾ ਨਹੀਂ, ਸਗੋਂ ਸਾਡੀ ਜ਼ਿੰਦਗੀ ਲਈ ਪ੍ਰੇਰਣਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ਭਗਤੀ, ਸੱਚਾਈ ਤੇ ਨਿਆਂ ਦੇ ਰਾਹ ’ਤੇ ਚੱਲਦਿਆਂ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖਿਆ ਦਾ ਮਕਸਦ ਸਿਰਫ਼ ਡਿਗਰੀਆਂ ਪ੍ਰਾਪਤ ਕਰਨਾ ਨਹੀਂ, ਸਗੋਂ ਇਕ ਚੰਗਾ ਇਨਸਾਨ ਬਣਨਾ ਹੋਣਾ ਚਾਹੀਦਾ ਹੈ ਜੋ ਸਮਾਜ ਦੀ ਭਲਾਈ ਲਈ ਕੰਮ ਕਰੇ।
ਸਮਾਗਮ ’ਚ ਮੁੱਖ ਬੁਲਾਰੇ ਵਜੋਂ ਸ਼ਾਮਲ ਸੁਰਿੰਦਰ ਸੈਣੀ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਨੌਜਵਾਨਾਂ ਦੀ ਕੁਰਬਾਨੀ ਸਾਨੂੰ ਸਦੀਵੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਸੱਚੀ ਨਿਸ਼ਠਾ ਤੇ ਸਮਰਪਣ ਨਾਲ ਹੀ ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ। ਇਸ ਮੌਕੇ ਪੰਜਾਬੀ ਵਿਭਾਗ ਦੇ ਇੰਚਾਰਜ ਡਾ. ਲਖਵੀਰ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੀ ਸੋਚ ਅੱਜ ਵੀ ਉਤਨੀ ਹੀ ਪ੍ਰਸੰਗਿਕ ਹੈ ਜਿੰਨੀ ਉਸ ਸਮੇਂ ਸੀ। ਉਨ੍ਹਾਂ ਨੇ ਨੌਜਵਾਨਾਂ ਨੂੰ ਸ਼ਹੀਦਾਂ ਦੇ ਵਿਚਾਰਾਂ ਨੂੰ ਸਮਝਣ ਤੇ ਆਪਣੀ ਜ਼ਿੰਦਗੀ ’ਚ ਅਪਣਾਉਣ ਲਈ ਪ੍ਰੇਰਿਤ ਕੀਤਾ। ਅੰਤ ’ਚ ਡਾ. ਅਸ਼ੀਸ਼ ਅਰੋੜਾ ਨੇ ਮੁੱਖ ਵਕਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਰਾਹੀਂ ਹੀ ਅਸੀਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖ ਸਕਦੇ ਹਾਂ ਤੇ ਦੇਸ਼ ਦੇ ਵਿਕਾਸ ’ਚ ਆਪਣਾ ਯੋਗਦਾਨ ਪਾ ਸਕਦੇ ਹਾਂ। ਸਮਾਗਮ ’ਚ ਡਾ. ਸੰਜੀਵ ਅਰੋੜਾ, ਡਾ. ਸੋਨੀਆ ਕੁੰਦਰਾ, ਡਾ. ਮਨਦੀਪ ਕੌਰ, ਡਾ. ਪਰਵਿੰਦਰ ਕੌਰ ਢਿੱਲੋਂ, ਡਾ. ਨੇਹਾ ਕਾਲੜਾ ਸਮੇਤ ਸਟਾਫ ਤੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਹਾਜ਼ਰੀ ਭਰੀ।