ਮਾਸਟਰ ਭਗਤ ਰਾਮ ਜੀ ਦਾ ਸ਼ਰਧਾਂਜਲੀ ਸਮਾਗਮ ਭਲਕੇ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ
Publish Date: Fri, 13 Mar 2026 08:01 PM (IST)
Updated Date: Fri, 13 Mar 2026 08:03 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਮਾਸਟਰ ਭਗਤ ਰਾਮ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਮਿਹਨਤਕਸ਼ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਲਗਾਇਆ ਆਪਣੇ ਫਰਜ਼ਾਂ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਤਨਦੇਹੀ ਨਾਲ ਆਪਣੇ ਕਿੱਤੇ ਨਾਲ ਇਨਸਾਫ ਕੀਤਾ ਤੇ ਨਾਲ-ਨਾਲ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿੱਚ ਵੀ ਕਈ ਅਹੁਦਿਆਂ ’ਤੇ ਜ਼ਿੰਮੇਵਾਰੀ ਨਿਭਾਈ। ਸੇਵਾਮੁਕਤ ਹੋਣ ਬਾਅਦ ਉਨ੍ਹਾਂ ਨੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਜਥੇਬੰਦੀ ਵਿੱਚ ਵੀ ਕੰਮ ਕੀਤਾ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਫੈਸਲਾ ਕਰਕੇ ਸੀਪੀਆਈ ਐੱਮ ਵੱਲੋਂ 6ਵੀ ਲੋਕ ਸਭਾ ਚੋਣ ਫਿਲੌਰ ਹਲਕੇ ਤੋਂ ਲੜਾਈ ਤੇ ਇਹ ਸੀਟ ਜਿੱਤੀ। 6ਵੀਂ ਲੋਕ ਸਭਾ ਵਿੱਚ ਮਾਸਟਰ ਭਗਤ ਰਾਮ ਹੁਰਾਂ ਨੇ ਸੰਵਿਧਾਨ ਦੀ ਧਾਰਾ 310 ਅਤੇ 311 ਨੂੰ ਖਤਮ ਕਰਨ ਲਈ ਬਿੱਲ ਪੇਸ਼ ਕੀਤਾ। ਇਹ ਧਾਰਾਵਾਂ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਬਰਖਾਸਤ ਕਰਨ ਦੀਆਂ ਸਨ। ਇਸ ਬਿੱਲ ਦੀ ਬਹਿਸ ਵਿੱਚ ਕਈ ਪਾਰਲੀਮੈਂਟ ਮੈਂਬਰਾਂ ਨੇ ਉਨ੍ਹਾਂ ਦੇ ਬਿੱਲ ਦੀ ਹਮਾਇਤ ਕੀਤੀ। ਉਸ ਸਮੇਂ ਕੇਦਰ ’ਚ ਜਨਤਾ ਪਾਰਟੀ ਦੀ ਸਰਕਾਰ ਸੀ। ਪਾਰਲੀਮੈਂਟ ’ਚ ਜਲੰਧਰ ਵਿਖੇ ਪਾਸਪੋਰਟ ਦਫਤਰ ਦੀ ਸਥਾਪਨਾ ਕਰਵਾਈ, ਧੋਖਾਧੜੀ ਦੇ ਸ਼ਿਕਾਰ ਦਰਜਨਾ ਲੋਕਾਂ ਨੂੰ ਵਿਦੇਸ਼ੀ ਜੇਲ੍ਹਾਂ ’ਚੋਂ ਰਿਹਾਅ ਕਰਵਾਇਆ, ਦਲਿਤਾਂ ਨੂੰ ਰਿਜ਼ਰਵੇਸ਼ਨ ਦੁਆਈ, ਜੁਰਮ-ਜਬਰ ਬੰਦ ਕਰਵਾਇਆ ਤੇ ਹੋਰ ਮਸਲੇ ਪਾਰਲੀਮੈਂਟ ਵਿੱਚ ਉਠਾਏ।
ਮਾਸਟਰ ਭਗਤ ਰਾਮ ਸਾਬਕਾ ਮੈਂਬਰ ਪਾਰਲੀਮੈਂਟ ਦਾ ਦੇਹਾਂਤ ਕੈਨੇਡਾ ’ਚ 30 ਮਾਰਚ 2025 ਨੂੰ ਹੋ ਗਿਆ ਸੀ। ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਰਧਾਂਜਲੀ ਸਮਾਗਮ ਭਲਕੇ ਨੂੰ ਉਨ੍ਹਾਂ ਦੇ ਪਿੰਡ ਭਾਰਤਵਾਜੀਆਂ (ਫਿਲੌਰ) ਜ਼ਿਲ੍ਹਾ ਜਲੰਧਰ ’ਚ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਸੁਰਜੀਤ ਕੁਮਾਰ ਤੇ ਤਜਿੰਦਰ ਕੁਮਾਰ, ਪੁੱਤਰੀ ਪ੍ਰੋਮਿਲਾ ਜੱਖੂ ਤੇ ਰੀਟਾ ਆਹੀਰ ਨੇ ਦਿੱਤੀ।