13 ਨੂੰ ਮਨਾਈ ਜਾਵੇਗੀ ਬਲਬੀਰ ਸਿੰਘ ਦੀ 18ਵੀਂ ਬਰਸੀ
ਬਲਬੀਰ ਸਿੰਘ ਦੀ 18ਵੀਂ ਬਰਸੀ ਮੌਕੇ 13 ਫ਼ਰਵਰੀ ਨੂੰ ਸ਼ਰਧਾਂਜਲੀ ਸਮਾਰੋਹ ਕਰਵਾਇਆ
Publish Date: Thu, 12 Feb 2026 06:14 PM (IST)
Updated Date: Thu, 12 Feb 2026 06:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਵਿਦਿਅਕ ਸੰਸਥਾਵਾਂ ਦੀ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਸਵ. ਬਲਬੀਰ ਸਿੰਘ ਦੀ 18ਵੀਂ ਬਰਸੀ ਮੌਕੇ 13 ਫ਼ਰਵਰੀ ਨੂੰ ਲਾਇਲਪੁਰ ਖਾਲਸਾ ਕਾਲਜ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਬਲਬੀਰ ਸਿੰਘ ਨੇ ਲਗਭਗ 35 ਸਾਲ ਤੱਕ ਪੂਰੀ ਤਨਦੇਹੀ ਤੇ ਸਮਰਪਣ ਨਾਲ ਕਾਲਜ ਦੀ ਸੇਵਾ ਕੀਤੀ। ਉਨ੍ਹਾਂ ਦੀ ਸੁਯੋਗ ਤੇ ਅਨੁਸ਼ਾਸਿਤ ਅਗਵਾਈ ਹੇਠ ਸੰਸਥਾ ਨੇ ਵਿਦਿਆ, ਸਭਿਆਚਾਰ, ਖੇਡਾਂ ਤੇ ਖੋਜ ਦੇ ਖੇਤਰ ’ਚ ਮਹੱਤਵਪੂਰਨ ਪ੍ਰਾਪਤੀਆਂ ਦਰਜ ਕਰਦਿਆਂ ਇਤਿਹਾਸ ਰਚਿਆ। ਉਨ੍ਹਾਂ ਦੀ ਰਹਿਨੁਮਾਈ ’ਚ ਕਾਲਜ ਦੀਆਂ ਗਰਾਊਂਡਾਂ ਤੋਂ ਵਿਸ਼ਵ ਪੱਧਰੀ ਖਿਡਾਰੀ ਤਿਆਰ ਹੋਏ। ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਨਾਲ ਜੋੜਨ ਲਈ ਉਨ੍ਹਾਂ ਨੇ ਕੰਪਿਊਟਰ ਵਰਗੇ ਤਕਨੀਕੀ ਵਿਸ਼ਿਆਂ ਦੀ ਸ਼ੁਰੂਆਤ ਕਰਕੇ ਰਵਾਇਤੀ ਤੇ ਆਧੁਨਿਕ ਸਿੱਖਿਆ ਦਾ ਸੁਮੇਲ ਕੀਤਾ ਤੇ ਸੰਸਥਾ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਰਾਜਨੀਤਿਕ ਜੀਵਨ ’ਚ ਵੀ ਉਨ੍ਹਾਂ ਨੇ ਸਿੱਖਿਆ ਤੇ ਲੋਕ-ਭਲਾਈ ਨੂੰ ਸਦਾ ਪਹਿਲ ਦਿੱਤੀ।
1972 ਤੋਂ 1977 ਤੱਕ ਗਿਆਨੀ ਜ਼ੈਲ ਸਿੰਘ ਦੀ ਸਰਕਾਰ ’ਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵਜੋਂ ਸੇਵਾ ਨਿਭਾਈ। ਇਸ ਦੌਰਾਨ 1974 ’ਚ ਪਹਿਲੀ ਵਾਰ ਪੰਜਾਬ ਸਟਾਇਲ ਕਬੱਡੀ ਦੇ ਅੰਤਰਰਾਸ਼ਟਰੀ ਮੈਚ ਇੰਗਲੈਂਡ ’ਚ ਕਰਵਾਏ। ਉਹ 1972 ਤੋਂ 1977 ਤੱਕ ਰਾਜ ਸਭਾ ਮੈਂਬਰ ਰਹੇ ਤੇ 1999 ਤੋਂ 2004 ਤੱਕ ਦੇਸ਼ ਦੀ 13ਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ। 2005 ਤੋਂ 2008 ਤੱਕ ਉਹ ਐੱਨਆਰਆਈ ਸਭਾ ਪੰਜਾਬ ਦੇ ਪੈਟਰਨ ਰਹੇ। ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ ਉਨ੍ਹਾਂ ਨੇ ਆਪਣੇ ਅਖਤਿਆਰੀ ਫੰਡ ਦਾ ਵੱਡਾ ਹਿੱਸਾ ਸਿਹਤ, ਸਿੱਖਿਆ ਤੇ ਲੋਕ-ਭਲਾਈ ਦੇ ਕੰਮਾਂ ਲਈ ਸਮਰਪਿਤ ਕੀਤਾ। ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਲਾਇਲਪੁਰ ਖਾਲਸਾ ਕਾਲਜ ਵਿਦਿਅਕ ਸੰਸਥਾਵਾਂ ਦੀ ਪ੍ਰਧਾਨ ਬਲਬੀਰ ਕੌਰ ਦੀ ਸੁਚੱਜੀ ਅਗਵਾਈ ਹੇਠ ਦੁਆਬੇ ਖੇਤਰ ’ਚ ਟੈਕਨੀਕਲ, ਇੰਜੀਨੀਅਰਿੰਗ ਤੇ ਲਾਅ ਸਮੇਤ ਕਈ ਨਵੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ ਵਿਦਿਆਰਥੀ ਆਧੁਨਿਕ ਸਿੱਖਿਆ ਹਾਸਲ ਕਰਕੇ ਸਮੇਂ ਦੇ ਹਾਣੀ ਬਣ ਰਹੇ ਹਨ। ਸਮੂਹ ਲਾਇਲਪੁਰ ਖਾਲਸਾ ਕਾਲਜ ਵਿਦਿਅਕ ਸੰਸਥਾਵਾਂ ਦੇ ਪਰਿਵਾਰ ਵੱਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸਮਾਗਮ ’ਚ ਸ਼ਮੂਲੀਅਤ ਕਰਕੇ ਸਵ. ਬਲਬੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਬਲਬੀਰ ਸਿੰਘ ਵਰਗੀ ਹਰਦਿਲਅਜ਼ੀਜ਼, ਲੋਕ-ਹਿਤੈਸ਼ੀ ਤੇ ਦੂਰਦਰਸ਼ੀ ਹਸਤੀ ਸਦਾ ਸਾਡੇ ਲਈ ਪ੍ਰੇਰਣਾ ਸਰੋਤ ਰਹੇਗੀ।