ਮਿੜਿਆਮੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ : ਜਮਹੂਰੀ ਫਰੰਟ
ਇਕ ਸਾਲ ਤੋਂ ਜੇਲ੍ਹ ’ਚ ਬੰਦ ਆਦਿਵਾਸੀ ਹੱਕਾਂ ਦੇ ਕਾਰਕੁਨ ਰਘੂ ਮਿੜਿਆਮੀ ਨੂੰ ਤੁਰੰਤ ਰਿਹਾ ਕੀਤਾ ਜਾਵੇ - ਜਮਹੂਰੀ ਫਰੰਟ
Publish Date: Sat, 28 Feb 2026 08:17 PM (IST)
Updated Date: Sat, 28 Feb 2026 08:19 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਆਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਆਦਿਵਾਸੀ ਹੱਕਾਂ ਦੇ ਕਾਰਕੁੰਨ ਰਘੂ ਮਿੜਿਆਮੀ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕੀਤੇ ਜਾਣ ਦੀ ਮੰਗ ਕਰਦਾ ਹੈ, ਜੋ ਇਕ ਸਾਲ ਤੋਂ ਜਾਬਰ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਤਹਿਤ ਛੱਤੀਸਗੜ੍ਹ ਦੀ ਦੰਤੇਵਾੜਾ ਜੇਲ੍ਹ ’ਚ ਬੰਦ ਹਨ। 25 ਸਾਲਾ ਮਿੜਿਆਮੀ ਬਸਤਰ ਖੇਤਰ ਨਾਲ ਸਬੰਧਤ ਹਨ ਤੇ ਉੱਥੇ ਕਥਿਤ ਮੁਕਾਬਲਿਆਂ, ਕਾਰਪੋਰੇਟੀਕਰਨ, ਆਦਿਵਾਸੀ ਜ਼ਮੀਨਾਂ ਉੱਪਰ ਸੁਰੱਖਿਆ ਕੈਂਪ ਸਥਾਪਤ ਕਰਨ ਲਈ ਜ਼ਬਰੀ ਕਬਜ਼ੇ ਤੇ ਆਦਿਵਾਸੀ ਦੇ ਉਜਾੜੇ ਖ਼ਿਲਾਫ਼ ਆਵਾਜ਼ ਉਠਾ ਰਹੇ ਸਨ। ਉਹ ਆਦਿਵਾਸੀ ਹੱਕਾਂ ਲਈ ਪੁਰਅਮਨ ਸੰਘਰਸ਼ ਕਰ ਰਹੇ ਮੂਲਵਾਸੀ ਬਚਾਓ ਮੰਚ ਦੇ ਪ੍ਰਧਾਨ ਵੀ ਰਹੇ ਹਨ ਜਿਸ ਨੂੰ ਕੁਚਲਣ ਲਈ ਸਰਕਾਰ ਵੱਲੋਂ ਪਿਛਲੇ ਸਾਲ ਗ਼ੈਰਕਾਨੂੰਨੀ ਕਰਾਰ ਦੇ ਕੇ ਪਾਬੰਦੀ ਲਗਾ ਦਿੱਤੀ ਗਈ ਸੀ। ਮਿੜਿਆਮੀ ਨੂੰ 27 ਫ਼ਰਵਰੀ 2025 ਨੂੰ ਕੌਮੀ ਜਾਂਚ ਏਜੰਸੀ ਵੱਲੋਂ ਦੰਤੇਵਾੜਾ ’ਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਮੋਟਰਸਾਈਕਲ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਇਲਾਜ ਲਈ ਦੰਤੇਵਾੜਾ ਦੇ ਇਕ ਹਸਪਤਾਲ ਗਏ ਸਨ। ਉਸ ਨੂੰ ਇਲਾਜ ਤੋਂ ਵਾਂਝੇ ਕਰਕੇ ਏਜੰਸੀ ਦੇ ਅਧਿਕਾਰੀਆਂ ਨੇ ਜੇਲ੍ਹ ’ਚ ਡੱਕ ਦਿੱਤਾ। ਜੇਲ੍ਹ ਅਧਿਕਾਰੀਆਂ ਦੀ ਮੁਜਰਮਾਨਾ ਬੇਪ੍ਰਵਾਹੀ ਕਾਰਨ ਇਲਾਜ ਦੀ ਅਣਹੋਂਦ ਚ ਜੇਲ੍ਹ ’ਚ ਉਸ ਦੇ ਪੈਰ ਦੀ ਸੱਟ ਹੋਰ ਵੀ ਵਿਗੜ ਗਈ। ਜੇਲ੍ਹਬੰਦੀ ਦੌਰਾਨ ਜਾਂਚ ਏਜੰਸੀ ਵੱਲੋਂ ਪਹਿਲੇ ਝੂਠੇ ਕੇਸ ਤੋਂ ਇਲਾਵਾ ਉਸ ਉੱਪਰ ਯੂਏਪੀਏ ਤਹਿਤ ਹੋਰ ਛੇ ਕੇਸ ਪਾ ਦਿੱਤੇ ਗਏ ਤਾਂ ਜੋ ਉਸ ਦੀ ਜ਼ਮਾਨਤ ਨਾ ਹੋ ਸਕੇ ਤੇ ਉਸ ਨੂੰ ਲੰਮਾ ਸਮਾਂ ਜੇਲ੍ਹ ’ਚ ਸਾੜਿਆ ਜਾ ਸਕੇ। ਫਰੰਟ ਸਮੂਹ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਰਘੂ ਮਿੜਿਆਮੀ ਤੇ ਜੇਲ੍ਹੀਂ ਡੱਕੇ ਹੱਕਾਂ ਦੇ ਹੋਰ ਕਾਰਕੁੰਨਾਂ ਦੀ ਰਿਹਾਈ ਲਈ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕਰਦਾ ਹੈ।