15.34 ਲੱਖ ਦੀ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਫੜਿਆ
ਵਿਦੇਸ਼ ਭੇਜਣ ਦੀ ਆੜ ’ਚ ਲੋਕਾਂ ਨਾਲ 15.34 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਗ੍ਰਿਫ਼ਤਾਰ
Publish Date: Thu, 26 Feb 2026 09:11 PM (IST)
Updated Date: Thu, 26 Feb 2026 09:13 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ 8 ਦੀ ਪੁਲਿਸ ਨੇ ਜਲੰਧਰ ’ਚ ਇਕ ਟਰੈਵਲ ਏਜੰਟ ਨੂੰ ਵਿਦੇਸ਼ ਭੇਜਣ ਦੀ ਆੜ ’ਚ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਣਦੀਪ ਕੁੰਡਲ ਉਰਫ਼ ਰਿਸ਼ੂ ਵਾਸੀ ਗੁਰੂ ਨਾਨਕਪੁਰਾ ਵੈਸਟ ਰਾਮਾ ਮੰਡੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਇਕ ਨੌਜਵਾਨ ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜਣ ਦਾ ਵਾਅਦਾ ਕਰਕੇ ਠੱਗੀ ਮਾਰੀ ਸੀ। ਸ਼ਿਕਾਇਤਕਰਤਾ ਮਾਧਵ ਸ਼ਾਲੀ ਵਾਸੀ ਬੈਕਸਾਈਡ ਸੇਵਕ ਰਾਮ ਹਸਪਤਾਲ ਜਲੰਧਰ ਨੇ ਦੱਸਿਆ ਕਿ ਮੁਲਜ਼ਮ ਨੇ ਵਿਦੇਸ਼ ਭੇਜਣ ਦੀ ਆੜ ’ਚ 15,34,500 ਰੁਪਏ ਕਿਸ਼ਤਾਂ ’ਚ ਲਏ। ਲੰਬੇ ਸਮੇਂ ਤੋਂ ਨਾ ਤਾਂ ਵੀਜ਼ਾ ਜਾਰੀ ਹੋਇਆ ਤੇ ਨਾ ਹੀ ਕੋਈ ਪ੍ਰਕਿਰਿਆ ਅੱਗੇ ਵਧੀ। ਜਦੋਂ ਪੀੜਤ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਦੋਸ਼ੀ ਟਾਲ-ਮਟੋਲ ਕਰਨ ਲੱਗ ਪਿਆ। ਮਾਮਲੇ ’ਚ ਹੋਰ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆਏ ਹਨ, ਜਿਨ੍ਹਾਂ ’ਚ ਅਜੇ ਸਹਿਗਲ, ਸੰਨੀ ਤੰਵਰ ਤੇ ਰਾਕੇਸ਼ ਰਾਖੀ ਸ਼ਾਮਲ ਹਨ। ਸ਼ਿਕਾਇਤ ਦੇ ਆਧਾਰ ਤੇ, ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਐੱਸਆਈ ਜਗਦੀਸ਼ ਲਾਲ ਦੀ ਅਗਵਾਈ ਵਾਲੀ ਇਕ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਰਣਦੀਪ ਕੁੰਡਲ ਉਰਫ਼ ਰਿਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਬਿਨਾਂ ਕਿਸੇ ਜਾਇਜ਼ ਲਾਇਸੈਂਸ ਦੇ ਟ੍ਰੈਵਲ ਏਜੰਟ ਵਜੋਂ ਕੰਮ ਕਰ ਰਿਹਾ ਸੀ ਤੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਉਨ੍ਹਾਂ ਤੋਂ ਵੱਡੀ ਰਕਮ ਵਸੂਲ ਰਿਹਾ ਸੀ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸਨੇ ਇਸ ਤਰੀਕੇ ਨਾਲ ਹੋਰ ਕਿੰਨੇ ਲੋਕਾਂ ਨਾਲ ਧੋਖਾ ਕੀਤਾ ਹੈ। ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਛਾਪੇ ਮਾਰੇ ਜਾ ਰਹੇ ਹਨ।