ਰੇਲ ਗੱਡੀਆਂ ਦੀ ਲੇਟ-ਲਤੀਫ਼ੀ ਯਾਤਰੀਆਂ ਲਈ ਬਣੀ ਮੁਸੀਬਤ
ਰੇਲ ਗੱਡੀਆਂ ਦੀ ਲੇਟਲਤੀਫੀ ਯਾਤਰੀਆਂ ਲਈ ਬਣੀ ਮੁਸੀਬਤ
Publish Date: Thu, 26 Mar 2026 10:40 PM (IST)
Updated Date: Thu, 26 Mar 2026 10:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੇਲਵੇ ਵੱਲੋਂ ਵੱਖ-ਵੱਖ ਮੰਡਲਾਂ ’ਚ ਚੱਲ ਰਹੇ ਮੁਰੰਮਤ ਤੇ ਵਿਕਾਸ ਕਾਰਜਾਂ ਕਾਰਨ ਕਈ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਜਦਕਿ ਕਈ ਗੱਡੀਆਂ ਆਪਣੇ ਤੈਅ ਰੂਟ ਤੋਂ ਡਾਇਵਰਟ ਹੋਣ ਕਰਕੇ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੇਨਾਂ ਦੇ ਲੇਟ ਹੋਣ ਨਾਲ ਨਾਲ ਰਿਜ਼ਰਵੇਸ਼ਨ ’ਚ ਵੀ ਵੱਡੀ ਸਮੱਸਿਆ ਆ ਰਹੀ ਹੈ। ਸੀਟਾਂ ਨਾ ਮਿਲਣ ਕਾਰਨ ਯਾਤਰੀਆਂ ਦੀ ਮੁਸ਼ਕਲ ਹੋਰ ਵੱਧ ਗਈ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ ਘੰਟਿਆਂ ਤੱਕ ਰੇਲਵੇ ਸਟੇਸ਼ਨਾਂ ’ਤੇ ਬੈਠਣਾ ਪੈ ਰਿਹਾ ਹੈ ਤੇ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਟਿਕਟ ਨਹੀਂ ਮਿਲ ਰਹੀਆਂ। ਇਕ ਯਾਤਰੀ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਸਟੇਸ਼ਨ ਦੇ ਚੱਕਰ ਲਾ ਰਹੇ ਹਨ ਤਾਂ ਜੋ ਅਪ੍ਰੈਲ ਮਹੀਨੇ ’ਚ ਆਪਣੇ ਪਿੰਡ ਜਾਣ ਲਈ ਟਿਕਟ ਕਰਵਾ ਸਕਣ। ਯਾਤਰੀ ਕਿਸੇ ਤਰ੍ਹਾਂ ਟ੍ਰੇਨ ’ਚ ਸਵਾਰ ਹੋਣ ਲਈ ਘੰਟਿਆਂ ਤੱਕ ਇੰਤਜ਼ਾਰ ਕਰਨ ਲਈ ਮਜਬੂਰ ਹਨ। ਜੇ ਲੇਟ ਆ ਰਹੀਆਂ ਗੱਡੀਆਂ ਦੀ ਗੱਲ ਕਰੀਏ ਤਾਂ ਮਾਲਵਾ ਸੁਪਰਫਾਸਟ ਐਕਸਪ੍ਰੈੱਸ ਲਗਪਗ 5 ਘੰਟੇ 15 ਮਿੰਟ, ਆਮ੍ਰਪਾਲੀ ਐਕਸਪ੍ਰੈੱਸ ਕਰੀਬ 4 ਘੰਟੇ 45 ਮਿੰਟ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਲਗਪਗ 2 ਘੰਟੇ 15 ਮਿੰਟ ਦੇਰੀ ਨਾਲ ਪੁੱਜੀ। ਇਸ ਤੋਂ ਇਲਾਵਾ ਹੇਮਕੁੰਟ ਐਕਸਪ੍ਰੈੱਸ 2 ਘੰਟੇ, ਸ਼ਾਲੀਮਾਰ ਤੇ ਦਾਦਰ ਐਕਸਪ੍ਰੈੱਸ ਕਰੀਬ ਸਵਾ ਘੰਟਾ ਦੇਰੀ ਨਾਲ ਚੱਲੀਆਂ। ਸਰਬੱਤ ਦਾ ਭਲਾ ਐਕਸਪ੍ਰੈੱਸ ਤੇ ਦੇਹਰਾਦੂਨ ਐਕਸਪ੍ਰੈੱਸ ਲਗਭਗ ਇਕ ਘੰਟਾ ਦੇਰੀ ਨਾਲ ਪੁੱਜੀਆਂ, ਜਦਕਿ ਸੱਚਖੰਡ ਐਕਸਪ੍ਰੈੱਸ, ਜਨਸੇਵਾ ਐਕਸਪ੍ਰੈੱਸ, ਜਲੰਧਰ ਇੰਟਰਸਿਟੀ ਐਕਸਪ੍ਰੈੱਸ ਤੇ ਸ਼ਹੀਦ ਐਕਸਪ੍ਰੈੱਸ ਕਰੀਬ 45 ਮਿੰਟ ਲੇਟ ਰਹੀਆਂ। ਹੋਰ ਗੱਡੀਆਂ ਜਿਵੇਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਸੁਪਰਫਾਸਟ ਐਕਸਪ੍ਰੈੱਸ, ਛੱਤੀਸਗੜ੍ਹ ਐਕਸਪ੍ਰੈੱਸ, ਕਰਮਭੂਮੀ ਐਕਸਪ੍ਰੈੱਸ, ਜਨਨਾਇਕ ਐਕਸਪ੍ਰੈੱਸ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈੱਸ ਵੀ ਲਗਪਗ ਅੱਧਾ ਘੰਟਾ ਦੇਰੀ ਨਾਲ ਚੱਲੀਆਂ। ਰੇਲ ਗੱਡੀਆਂ ਦੀ ਲਗਾਤਾਰ ਦੇਰੀ ਤੇ ਟਿਕਟਾਂ ਦੀ ਕਮੀ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।