ਐਮਰਜੈਂਸੀ ’ਚ '112' ਸਭ ਤੋਂ ਵੱਡਾ ਦੋਸਤ : ਸਬ-ਇੰਸਪੈਕਟਰ
ਟ੍ਰੈਫਿਕ ਪੁਲਿਸ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਲਈ ਜ਼ਰੂਰੀ ਗੱਲਾਂ ਸਿਖਾਈਆਂ
Publish Date: Tue, 21 Apr 2026 07:55 PM (IST)
Updated Date: Tue, 21 Apr 2026 07:58 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਸੜਕ ਸੁਰੱਖਿਆ ਤੇ ਐਮਰਜੈਂਸੀ ਸੇਵਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਕਸੂਦਾਂ ਦੇ ਇਕ ਸਕੂਲ ’ਚ ਸੈਮੀਨਾਰ ਕਰਵਾਇਆ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਗਿਆ ਤੇ ਅਨੁਸ਼ਾਸਨ ਦੀ ਮਹੱਤਤਾ ਸਿਖਾਈ ਗਈ। ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਸਬੰਧੀ ਵਿਦਿਆਰਥੀਆਂ ਨੂੰ ਕਿਸੇ ਵੀ ਹਾਦਸੇ ਜਾਂ ਅਪਰਾਧ ਦੀ ਸਥਿਤੀ ’ਚ ਤੁਰੰਤ 112 ਡਾਇਲ ਕਰਨ ਦੀ ਸਲਾਹ ਦਿੱਤੀ ਗਈ। ਵਿਦਿਆਰਥੀਆਂ ਨੂੰ ਹੈਲਮੇਟ, ਸੀਟ ਬੈਲਟ ਤੇ ਗਤੀ ਸੀਮਾਵਾਂ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ ਤੇ ਜ਼ੋਰ ਦਿੱਤਾ ਗਿਆ। ਵਿਦਿਆਰਥੀਆਂ ਨੂੰ ਨਸ਼ਿਆਂ ਤੇ ਬੁਰੀ ਸੰਗਤ ਤੋਂ ਦੂਰ ਰਹਿਣ ਤੇ ਆਪਣੀ ਸਿੱਖਿਆ ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਸਬ ਇੰਸਪੈਕਟਰ ਸਤਨਾਮ ਸਿੰਘ ਨੇ ਕਿਹਾ ਬੱਚੇ ਦੇਸ਼ ਦਾ ਭਵਿੱਖ ਹਨ, ਜੇ ਉਹ ਅੱਜ ਅਨੁਸ਼ਾਸਨ ਤੇ ਸਖ਼ਤ ਮਿਹਨਤ ਨੂੰ ਅਪਣਾਉਂਦੇ ਹਨ ਤਾਂ ਉਹ ਭਵਿੱਖ ’ਚ ਉੱਚ-ਦਰਜੇ ਦੇ ਅਧਿਕਾਰੀ ਬਣਨ ਤੇ ਸਮਾਜ ਦੀ ਸੇਵਾ ਕਰਨ ਦੇ ਯੋਗ ਹੋਣਗੇ। ਇਸ ਮੌਕੇ ਏਐੱਸਆਈ ਲਖਬੀਰ ਸਿੰਘ, ਏਐੱਸਆਈ ਸੁਖਜੀਤ ਸਿੰਘ ਤੇ ਹੈੱਡ ਕਾਂਸਟੇਬਲ ਸੁਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਸਿਗਨਲਾਂ ਤੇ ਸੜਕਾਂ ਪਾਰ ਕਰਨ ਦੇ ਸੁਰੱਖਿਅਤ ਤਰੀਕਿਆਂ ਬਾਰੇ ਦੱਸਿਆ। ਪੁਲਿਸ ਟੀਮ ਨੇ ਸਪੱਸ਼ਟ ਕੀਤਾ ਕਿ 112 ਇਕ ਟੋਲ-ਫ੍ਰੀ ਸੇਵਾ ਹੈ, ਜੋ ਸੰਕਟ ਦੇ ਸਮੇਂ ਸਹਾਇਤਾ ਦਾ ਸਭ ਤੋਂ ਤੇਜ਼ ਸਰੋਤ ਸਾਬਤ ਹੁੰਦੀ ਹੈ। ਪ੍ਰੋਗਰਾਮ ਦੇ ਅਖ਼ੀਰ ’ਚ ਬੱਚਿਆਂ ਦੇ ਸਵਾਲਾਂ ਦੇ ਜਵਾਬ ਲਈ ਇਕ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਭਵਿੱਖ ’ਚ ਵੀ ਜਾਰੀ ਰਹਿਣਗੀਆਂ ਤੇ ਸੜਕ ਸੁਰੱਖਿਆ ਨਾਲ ਸਬੰਧਤ ਪ੍ਰਚਾਰ ਸਮੱਗਰੀ ਵੰਡੀ ਗਈ।