ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਚੌਗਿੱਟੀ ਤੇ ਹਾਈਵੇ ਕਿਨਾਰੇ ਲੱਗਦਾ ਟ੍ਰੈਫਿਕ ਜਾਮ
ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਚੌਗਿੱਟੀ ਤੇ ਹਾਈਵੇ ਕਿਨਾਰੇ ਲੱਗਦਾ ਟ੍ਰੈਫਿਕ ਜਾਮ
Publish Date: Sun, 01 Mar 2026 08:43 PM (IST)
Updated Date: Mon, 02 Mar 2026 04:14 AM (IST)

- ਇੱਥੋਂ ਲੰਘਣ ਵਾਲੀ ਸੰਗਤ ਨੂੰ ਵੀ ਹੁੰਦੀ ਹੈ ਪਰੇਸ਼ਾਨੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਚੌਗਿੱਟੀ ਤੇ ਹਾਈਵੇ ਦੇ ਕਿਨਾਰਿਆਂ ’ਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਵੱਡੀ ਚੁਣੌਤੀ ਬਣ ਗਈ ਹੈ। ਖ਼ਾਸ ਕਰ ਕੇ ਇਨ੍ਹਾਂ ਦਿਨਾਂ ’ਚ ਜ਼ਿਆਦਾਤਰ ਸਮੇਂ ਹਾਈਵੇ ਕਿਨਾਰੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਉੱਪਰੋਂ ਚੌਗਿੱਟੀ ਤੋਂ ਟਰਾਂਸਪੋਰਟ ਨਗਰ ਤੱਕ ਕਈ ਇਲਾਕਿਆਂ ’ਚ ਸੀਵਰੇਜ ਰਿਸਾਅ ਤੇ ਖ਼ਰਾਬ ਸੜਕਾਂ ਪਹਿਲਾਂ ਹੀ ਟ੍ਰੈਫਿਕ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਅਜਿਹੇ ’ਚ ਹੋਲਾ ਮੋਹੱਲਾ ਸਬੰਧੀ ਲੰਗਰ ਲਗਾਉਣ ਲਈ ਲਗਾਏ ਟੈਂਟਾਂ ਦੇ ਬਾਹਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਹਾਲਾਂਕਿ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਕੋਲ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਹੁੰਦੀਆਂ ਹਨ। ਸੀਵਰੇਜ ਤੇ ਸੜਕ ਮੁਰੰਮਤ ਦੇ ਮੁੱਦਿਆਂ ਨੂੰ ਲੈ ਕੇ ਪਹਿਲਾਂ ਵੀ ਡਿਪਟੀ ਕਮਿਸ਼ਨਰ ਤੇ ਐੱਨਐੱਚਏਆਈ ਵਿਚਕਾਰ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਅਜੇ ਤੱਕ ਨਹੀਂ ਨਿਕਲਿਆ। ਇਸ ਦੌਰਾਨ ਸਥਾਨਕ ਲੋਕ ਤੇ ਰਾਹਗੀਰਾਂ ਨੂੰ ਵੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਅਜਿਹੇ ਪ੍ਰਬੰਧਾਂ ਲਈ ਵਧੀਆ ਟ੍ਰੈਫਿਕ ਮੈਨੇਜਮੈਂਟ ਤੇ ਬੁਨਿਆਦੀ ਢਾਂਚੇ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਟ੍ਰੈਫਿਕ ਵਿਵਸਥਾ ਦੀ ਕਮੀ ਇਸ ਸਬੰਧੀ ਹੋਲਾ-ਮੋਹੱਲਾ ਮੌਕੇ ਲੰਮਾ ਪਿੰਡ ਰੋਡ ’ਤੇ ਲੰਗਰ ਲਗਾਉਣ ਵਾਲੀ ਸੰਸਥਾ ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਹੋਲਾ-ਮੋਹੱਲਾ ਵਰਗੇ ਵੱਡੇ ਧਾਰਮਿਕ ਸਮਾਗਮਾਂ ਦੌਰਾਨ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਲਈ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਪ੍ਰਬੰਧਕ ਸਥਲਾਂ ਦੇ ਨੇੜੇ ਬੈਰੀਕੇਡ ਲਗਾ ਕੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇ। ਇਸ ਤੋਂ ਇਲਾਵਾ ਲੰਗਰ ਸਥਲਾਂ ਦੇ ਨੇੜੇ ਅਸਥਾਈ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਸੜਕਾਂ ਖ਼ਾਲੀ ਰਹਿਣ। ਅਮਰਜੀਤ ਸਿੰਘ ਨੇ ਕਿਹਾ ਕਿ ਟ੍ਰੈਫਿਕ ਕੰਟਰੋਲ ਲਈ ਪੁਲਿਸ ਦੇ ਨਾਲ-ਨਾਲ ਵਲੰਟੀਅਰਾਂ ਨੂੰ ਵੀ ਤੈਨਾਤ ਕੀਤਾ ਜਾ ਸਕਦਾ ਹੈ। ਇੰਟਰਨੈੱਟ ਮੀਡੀਆ ਤੇ ਟ੍ਰੈਫਿਕ ਐਪਸ ਰਾਹੀਂ ਲੋਕਾਂ ਨੂੰ ਜਾਮ ਵਾਲੇ ਇਲਾਕਿਆਂ ਬਾਰੇ ਜਾਣਕਾਰੀ ਦੇ ਕੇ ਬਦਲਵੇਂ ਰਸਤੇ ਵੀ ਸੁਝਾਏ ਜਾਣ। ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਰਾਏ ਚੌਗਿੱਟੀ ਤੇ ਹਾਈਵੇ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਕਸਰ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਸਥਾਨਕ ਦੁਕਾਨਦਾਰ ਨੇ ਕਿਹਾ ਕਿ ਲੰਗਰ ਸੇਵਾ ਵਧੀਆ ਉਪਰਾਲਾ ਹੈ ਪਰ ਪ੍ਰਸ਼ਾਸਨ ਨੂੰ ਟ੍ਰੈਫਿਕ ਦੀ ਸਥਿਤੀ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਜਾਮ ਕਾਰਨ ਕਈ ਵਾਰ ਦੁਕਾਨਾਂ ਬੰਦ ਕਰਨੀ ਪੈਂਦੀਆਂ ਹਨ ਕਿਉਂਕਿ ਗਾਹਕ ਜਾਮ ’ਚ ਫਸ ਜਾਂਦੇ ਹਨ। ਇਸੇ ਤਰ੍ਹਾਂ ਮੁਨੀਸ਼ ਬਾਹਰੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਪਹਿਲਾਂ ਤੋਂ ਯੋਜਨਾ ਬਣਾਏ ਤਾਂ ਇੱਥੋਂ ਲੰਘਣ ਵਾਲੇ ਲੋਕ ਆਪਣੇ ਮੰਜ਼ਿਲ ’ਤੇ ਸਮੇਂ ਸਿਰ ਪਹੁੰਚ ਸਕਦੇ ਹਨ। ਅਜਿਹੇ ਸਮਾਗਮਾਂ ਨੂੰ ਸਫਲ ਬਣਾਉਣ ਲਈ ਪ੍ਰਸ਼ਾਸਨ ਤੇ ਧਾਰਮਿਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਟ੍ਰੈਫਿਕ ਮੈਨੇਜਮੈਂਟ ਦੇ ਨਾਲ-ਨਾਲ ਇਲਾਕੇ ਦੀਆਂ ਬੁਨਿਆਦੀ ਸਮੱਸਿਆਵਾਂ ਜਿਵੇਂ ਸੜਕਾਂ ਦੀ ਮੁਰੰਮਤ, ਸੀਵਰੇਜ ਨਿਕਾਸੀ ਤੇ ਸਫਾਈ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ। ------------------------- ਕੋਟਸ)------ਕਿਸੇ ਵੀ ਥਾਂ ਜਾਮ ਲੱਗਣ ਦੀ ਸੂਚਨਾ ਮਿਲਦਿਆਂ ਹੀ ਟ੍ਰੈਫਿਕ ਪੁਲਿਸ ਮੌਕੇ ’ਤੇ ਪਹੁੰਚ ਕੇ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰਦੀ ਹੈ।- ਏਡੀਸੀਪੀ ਟ੍ਰੈਫਿਕ, ਗੁਰਬਾਜ਼ ਸਿੰਘ।