- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਦਾ - ਬੱਸ

ਮੁੱਦਾ
- ਬੱਸ ਸਟਾਪ 100 ਮੀਟਰ ਦੂਰ ਹੋਣ ਦੇ ਬਾਵਜੂਦ ਮੋੜ 'ਤੇ ਖੜ੍ਹੀਆਂ ਹੁੰਦੀਆਂ ਹਨ ਬੱਸਾਂ
- ਗਲਤ ਦਿਸ਼ਾ ਤੋਂ ਪਾਰਕਿੰਗ ’ਚ ਦਾਖਲ ਹੋਣ ਵਾਲਿਆਂ ਕਾਰਨ ਵਧਦੀ ਹੈ ਪਰੇਸ਼ਾਨੀ
ਸੁਕ੍ਰਾਂਤ, ਜਾਗਰਣ, ਜਲੰਧਰ:
ਸ਼ਹਿਰ ਦੇ ਮਸਰੂਫ਼ ਚੌਕਾਂ ਵਿਚੋਂ ਇਕ ਰਾਮਾ ਮੰਡੀ ਚੌਕ ਇਸ ਸਮੇਂ ਮਾੜੇ ਟ੍ਰੈਫਿਕ ਪ੍ਰਬੰਧਾਂ ਦੀ ਵੱਡਾ ਮਿਸਾਲ ਬਣਦਾ ਜਾ ਰਿਹਾ ਹੈ। ਇੱਥੇ ਹੁਸ਼ਿਆਰਪੁਰ ਜਾਣ ਵਾਲੇ ਰਸਤੇ ਦੇ ਮੋੜ 'ਤੇ ਬੱਸਾਂ ਦੇ ਖੜ੍ਹੇ ਹੋਣ ਕਾਰਨ ਹਰ ਰੋਜ਼ ਲੰਬਾ ਜਾਮ ਲੱਗ ਜਾਂਦਾ ਹੈ। ਹਾਲਾਤ ਇਹ ਹਨ ਕਿ ਸਵੇਰੇ-ਸ਼ਾਮ ਇੱਥੋਂ ਲੰਘਣਾ ਲੋਕਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਮਾੜੇ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਫਿਲੌਰ ਵੱਲ ਜਾਣ ਵਾਲੇ ਰਸਤੇ ’ਤੇ ਚੌਕ ਤੋਂ ਲਗਪਗ 100 ਮੀਟਰ ਦੂਰ ਬੱਸ ਸਟਾਪ ਬਣਾਇਆ ਗਿਆ ਹੈ ਪਰ ਜ਼ਿਆਦਾਤਰ ਬੱਸ ਡਰਾਈਵਰ ਉੱਥੇ ਬੱਸ ਖੜ੍ਹੀ ਕਰਨ ਦੀ ਬਜਾਏ ਸਿੱਧੇ ਚੌਕ ਦੇ ਮੋੜ ’ਤੇ ਹੀ ਬੱਸ ਰੋਕ ਦਿੰਦੇ ਹਨ। ਇਸ ਨਾਲ ਵਾਹਨਾਂ ਦੀ ਲੰਬੀ ਕਤਾਰ ਬਣ ਜਾਂਦੀ ਹੈ ਤੇ ਚੌਕ ’ਚ ਟ੍ਰੈਫਿਕ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਬੱਸਾਂ ਦੇ ਮੋੜ ’ਤੇ ਖੜ੍ਹੇ ਹੋਣ ਕਾਰਨ ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਵਾਹਨਾਂ ਨੂੰ ਹੁੰਦੀ ਹੈ ਜੋ ਹੁਸ਼ਿਆਰਪੁਰ ਵੱਲ ਜਾਣ ਲਈ ਰਾਮਾ ਮੰਡੀ ਚੌਕ ਵੱਲ ਮੁੜਦੇ ਹਨ। ਬੱਸਾਂ ਸੜਕ ਕੰਢੇ ਖੜ੍ਹੀਆਂ ਹੋਣ ਕਾਰਨ ਪਿੱਛਿਓਂ ਆ ਰਹੇ ਵਾਹਨ ਅੱਗੇ ਨਹੀਂ ਨਿਕਲਦੇ ਤੇ ਕੁਝ ਹੀ ਮਿੰਟਾਂ ’ਚ ਲੰਬਾ ਜਾਮ ਲੱਗ ਜਾਂਦਾ ਹੈ। ਕਈ ਵਾਰ ਤਾਂ ਜਾਮ ਇੰਨਾ ਲੰਬਾ ਹੋ ਜਾਂਦਾ ਹੈ ਕਿ ਵਾਹਨ ਚਾਲਕਾਂ ਨੂੰ 10 ਤੋਂ 15 ਮਿੰਟ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।
---
ਜਾਮ ਦਾ ਵੱਡਾ ਕਾਰਨ ਪਾਰਕਿੰਗ ਸਪਾਟ
ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਉਣ ’ਚ ਚੌਕ ਨੇੜੇ ਬਣਿਆ ਪਾਰਕਿੰਗ ਸਪਾਟ ਵੀ ਵੱਡਾ ਕਾਰਨ ਬਣ ਰਿਹਾ ਹੈ। ਪਾਰਕਿੰਗ ਵਾਲੀ ਥਾਂ ਚੌਕ ਦੇ ਬਿਲਕੁਲ ਉਲਟੀ ਦਿਸ਼ਾ ’ਚ ਬਣਾਈ ਗਈ ਹੈ। ਇਸੇ ਕਰਕੇ ਕਈ ਵਾਹਨ ਚਾਲਕ ਗਲਤ ਦਿਸ਼ਾ ਤੋਂ ਗੱਡੀ ਕੱਢ ਕੇ ਸਿੱਧੇ ਪਾਰਕਿੰਗ ਵੱਲ ਮੋੜ ਜਾਂਦੇ ਹਨ। ਇਸ ਨਾਲ ਸਾਹਮਣੇ ਤੋਂ ਆ ਰਹੇ ਵਾਹਨਾਂ ਦਾ ਰਸਤਾ ਰੁਕ ਜਾਂਦਾ ਹੈ ਤੇ ਟ੍ਰੈਫਿਕ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ।
---
ਕਾਰੋਬਾਰ ’ਤੇ ਅਸਰ, ਜਾਮ ’ਚ ਫਸਦੀ ਹੈ ਐਂਬੂਲੈਂਸ
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਜਾਮ ਦਾ ਅਸਰ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਪੈ ਰਿਹਾ ਹੈ। ਜਾਮ ਕਾਰਨ ਕਈ ਗਾਹਕ ਇੱਥੇ ਰੁਕਣੋਂ ਕਤਰਾਉਂਦੇ ਹਨ। ਨਾਲ ਹੀ ਐਂਬੂਲੈਂਸ ਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਵੀ ਇੱਥੋਂ ਨਿਕਲਣ ’ਚ ਮੁਸ਼ਕਲ ਹੁੰਦੀ ਹੈ।
---
ਲੋਕਾਂ ਨੇ ਗਿਣਾਈਆਂ ਦਰਪੇਸ਼ ਮੁਸ਼ਕਲਾਂ
ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬੱਸ ਡਰਾਈਵਰਾਂ ਦੀ ਮਨਮਾਨੀ ਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਾਰਨ ਇਹ ਸਮੱਸਿਆ ਲਗਾਤਾਰ ਵਧ ਰਹੀ ਹੈ। ਜੇ ਬੱਸਾਂ ਨਿਰਧਾਰਿਤ ਬੱਸ ਸਟਾਪ ’ਤੇ ਖੜ੍ਹੀਆਂ ਹੋਣ ਤੇ ਗਲਤ ਦਿਸ਼ਾ ਰਾਹੀਂ ਪਾਰਕਿੰਗ ’ਚ ਜਾਣ ’ਤੇ ਸਖਤੀ ਕੀਤੀ ਜਾਵੇ ਤਾਂ ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਰਾਮਾ ਮੰਡੀ ਤੋਂ ਹੁਸ਼ਿਆਰਪੁਰ ਰੋਡ ’ਤੇ ਇਕ ਫਰਮ ਵਿਚ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਇਸ ਰਸਤੇ ਰਾਹੀਂ ਆਪਣੇ ਕੰਮ ’ਤੇ ਜਾਂਦੇ ਹਨ। ਉਨ੍ਹਾਂ ਮੁਤਾਬਕ ਸਵੇਰ ਵੇਲੇ ਬੱਸਾਂ ਚੌਕ ਦੇ ਮੋੜ 'ਤੇ ਖੜ੍ਹੀਆਂ ਹੋ ਜਾਂਦੀਆਂ ਹਨ, ਜਿਸ ਨਾਲ ਜਾਮ ਲੱਗ ਜਾਂਦਾ ਹੈ ਤੇ ਕਈ ਵਾਰ ਉਨ੍ਹਾਂ ਨੂੰ ਦਫਤਰ ਪੁੱਜਣ ’ਚ ਦੇਰ ਹੋ ਜਾਂਦੀ ਹੈ।
ਰਾਮਾ ਮੰਡੀ ਦੇ ਹੀ ਰਹਿਣ ਵਾਲੇ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਬੱਸ ਸਟਾਪ ਹੋਣ ਦੇ ਬਾਵਜੂਦ ਬੱਸ ਡਰਾਈਵਰਾਂ ਨੂੰ ਉੱਥੇ ਬੱਸ ਖੜ੍ਹੀ ਕਰਨ ਦੀ ਆਦਤ ਨਹੀਂ ਹੈ। ਜੇ ਟ੍ਰੈਫਿਕ ਪੁਲਿਸ ਇੱਥੇ ਨਿਯਮਤ ਤੌਰ 'ਤੇ ਨਿਗਰਾਨੀ ਰੱਖੇ ਤਾਂ ਜਾਮ ਦੀ ਸਮੱਸਿਆ ਕਾਫੀ ਹੱਦ ਤੱਕ ਖਤਮ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਵੇਰੇ ਤੇ ਸ਼ਾਮ ਨੂੰ ਖਾਸ ਤੌਰ 'ਤੇ ਜਾਮ ਦੇ ਹਾਲਾਤ ਬਣ ਜਾਂਦੇ ਹਨ।
ਆਟੋ ਚਾਲਕ ਰਾਜੂ ਨੇ ਦੱਸਿਆ ਕਿ ਚੌਕ ਨੇੜੇ ਬਣੇ ਪਾਰਕਿੰਗ ਵਾਲੀ ਥਾਂ ਕਾਰਨ ਵੀ ਟ੍ਰੈਫਿਕ ਪ੍ਰਭਾਵਿਤ ਹੁੰਦਾ ਹੈ। ਕਈ ਵਾਹਨ ਚਾਲਕ ਗਲਤ ਦਿਸ਼ਾ ਤੋਂ ਗੱਡੀ ਕੱਢ ਕੇ ਸਿੱਧੇ ਪਾਰਕਿੰਗ ’ਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਸਾਹਮਣੇ ਤੋਂ ਆ ਰਹੇ ਵਾਹਨਾਂ ਨੂੰ ਰੁਕਣਾ ਪੈਂਦਾ ਹੈ ਤੇ ਜਾਮ ਲੱਗ ਜਾਂਦਾ ਹੈ। ਉਨ੍ਹਾਂ ਨੂੰ ਇਸੇ ਕਾਰਨ ਸਵਾਰੀ ਚੁੱਕਣ ਲਈ ਚੌਕ 'ਚ ਖੜ੍ਹਾ ਹੋਣਾ ਪੈਂਦਾ ਹੈ, ਜਿਸ ਨਾਲ ਉਹ ਵੀ ਜਾਮ ’ਚ ਫਸ ਜਾਂਦੇ ਹਨ। ਜੇ ਬੱਸਾਂ ਆਪਣੇ ਸਟਾਪ 'ਤੇ ਖੜ੍ਹੀਆਂ ਹੋਣਗੀਆਂ ਤਾਂ ਉਨ੍ਹਾਂ ਨੂੰ ਵੀ ਉੱਥੇ ਹੀ ਜਾਣਾ ਪਵੇਗਾ, ਜਿਸ ਨਾਲ ਚੌਕ 'ਚ ਜਾਮ ਨਹੀਂ ਲੱਗੇਗਾ।
ਉੱਥੋਂ ਰੋਜ਼ਾਨਾ ਲੰਘਣ ਵਾਲੀ ਕਾਲਜ ਦੀ ਵਿਦਿਆਰਥਣ ਨੇਹਾ ਦਾ ਕਹਿਣਾ ਹੈ ਕਿ ਸ਼ਾਮ ਸਮੇਂ ਇੱਥੇ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ। ਬੱਸਾਂ ਮੋੜ 'ਤੇ ਖੜ੍ਹੀਆਂ ਰਹਿੰਦੀਆਂ ਹਨ ਤੇ ਪਿੱਛਿਓਂ ਲਗਾਤਾਰ ਵਾਹਨ ਆਉਂਦੇ ਰਹਿੰਦੇ ਹਨ। ਅਜਿਹੇ ’ਚ ਸੜਕ ਪਾਰ ਕਰਨੀ ਵੀ ਮੁਸ਼ਕਲ ਹੋ ਜਾਂਦੀ ਹੈ।
ਲੋਕਾਂ ਦਾ ਮੰਨਣਾ ਹੈ ਕਿ ਜੇ ਟ੍ਰੈਫਿਕ ਪੁਲਿਸ ਬੱਸ ਚਾਲਕਾਂ ਨੂੰ ਬੱਸ ਸਟਾਪ ’ਤੇ ਹੀ ਬੱਸ ਖੜ੍ਹੀ ਕਰਨ ਲਈ ਸਖਤੀ ਨਾਲ ਨਿਰਦੇਸ਼ ਦੇਵੇ ਤੇ ਗਲਤ ਦਿਸ਼ਾ ਤੋਂ ਪਾਰਕਿੰਗ ’ਚ ਜਾਣ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰੇ ਤਾਂ ਰਾਮਾ ਮੰਡੀ ਚੌਕ ’ਚ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ। ਇਸ ਸਮੱਸਿਆ ਦਾ ਸਥਾਈ ਹੱਲ ਨਾ ਹੋਣ ਕਾਰਨ ਹਰ ਰੋਜ਼ ਹਜ਼ਾਰਾਂ ਵਾਹਨ ਚਾਲਕ ਪਰੇਸ਼ਾਨ ਹੋ ਰਹੇ ਹਨ।
---
ਫਲਾਈਓਵਰ ’ਤੇ ਯੂ ਟਰਨ ਲੈਣ ਨਾਲ ਵਧਦੀ ਹੈ ਸਮੱਸਿਆ
ਫਲਾਈਓਵਰ ਦੇ ਉੱਪਰ ਵੀ ਜਦੋਂ ਲੋਕ ਚੜ੍ਹਦੇ ਹਨ ਤੇ ਉਤਰਣ ਵੇਲੇ ਵਾਪਸ ਆਉਣ ਲਈ ਯੂ ਟਰਨ ਲੈਂਦੇ ਹਨ, ਜਿਸ ਕਾਰਨ ਜਾਮ ਦੀ ਸਮੱਸਿਆ ਬਣ ਜਾਂਦੀ ਹੈ। ਫਲਾਈਓਵਰ ਤੋਂ ਉਤਰਦੇ ਸਮੇਂ ਗੱਡੀਆਂ ਦੀ ਰਫ਼ਤਾਰ ਕਾਫੀ ਹੁੰਦੀ ਹਨ, ਜਿਸ ਨਾਲ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
---
ਰਾਮਾ ਮੰਡੀ ਚੌਕ 'ਚ ਪੁਲਿਸ ਮੁਲਾਜ਼ਮ ਤਾਇਨਾਤ ਹੁੰਦੇ ਹਨ, ਬੱਸਾਂ ਨੂੰ ਉੱਥੇ ਖੜ੍ਹਾ ਹੋਣ ਤੋਂ ਰੋਕਿਆ ਜਾਵੇਗਾ। ਦੁਕਾਨਦਾਰਾਂ ਨੂੰ ਵੀ ਆਪਣੇ ਵਾਹਨ ਦੁਕਾਨਾਂ ਬਾਹਰ ਚੌਕ ਨੇੜੇ ਨਾ ਖੜ੍ਹੇ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਾਰਕਿੰਗ ਦੀ ਸਮੱਸਿਆ ਦਾ ਕੋਈ ਠੋਸ ਹੱਲ ਕੱਢਿਆ ਜਾਵੇਗਾ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ